ਨਵੀਂ ਦਿੱਲੀ, 14 ਸਤੰਬਰ
ਕਾਂਗਰਸ ਨੇ ਪਾਰਟੀ ਦੇ ਅੱਠ ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਪ੍ਰਤੀਕਿਰਿਆ ਦਿੰਦਿਆਂ ਦੋਸ਼ ਲਾਇਆ ਕਿ ‘ਭਾਰਤ ਜੋੜੋ’ ਯਾਤਰਾ ਤੋਂ ਪ੍ਰੇਸ਼ਾਨ ਭਗਵਾ ਪਾਰਟੀ ਨੇ ਧਿਆਨ ਵੰਡਾਉਣ ਲਈ ਗੋਆ ਵਿੱਚ ਅਪਰੇਸ਼ਨ ਕੀਚੜ ਚਲਾਇਆ ਹੈ। ਕਾਬਿਲੇਗੌਰ ਹੈ ਕਿ ਕਾਂਗਰਸ ਦੇ 11 ਵਿੱਚੋਂ ਅੱਠ ਵਿਧਾਇਕਾਂ ਨੇ ਅੱਜ ਮਤਾ ਪਾਸ ਕਰਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। 40 ਮੈਂਬਰੀ ਗੋਆ ਵਿਧਾਨ ਸਭਾ ਵਿੱਚ ਪਾਰਟੀ ਦੇ ਹੁਣ 3 ਵਿਧਾਇਕ ਰਹਿ ਗਏ ਹਨ। ਜੈ ਰਾਮ ਰਮੇਸ਼ ਨੇ ਟਵੀਟ ਕੀਤਾ , ‘‘ ਭਾਰਤ ਜੋੜੋ ਯਾਤਰਾ ਦੀ ਸਫਲਤਾ ਨੂੰ ਦੇਖਦਿਆਂ ਭਾਜਪਾ ਨੇ ਗੋਆ ਵਿੱਚ ਆਪਰੇਸ਼ਨ ਕੀਚੜ ਤੇਜ਼ ਕਰ ਦਿੱਤਾ ਹੈ। ਅਜਿਹਾ ਯਾਤਰਾ ਦੀ ਸਫਲਤਾ ਤੋਂ ਧਿਆਨ ਵੰਡਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਤੋਂ ਰੁਕਣ ਵਾਲੇ ਨਹੀਂ ਹਾਂ ਤੇ ਇਨ੍ਹਾਂ ਕੋਝੇ ਹਥਕੰਡਿਆਂ ਨੂੰ ਮਾਤ ਦੇਵਾਂਗੇ।’’ ਪਵਨ ਖੇੜਾ ਨੇ ਟਵੀਟ ਕੀਤਾ, ‘‘ ਅੱਜ ਭਾਜਪਾ ਨੇ ਮੁੜ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ਼ ਤੋੜਨਾ ਜਾਣਦੀ ਹੈ। ਸਾਡੀ ‘ਭਾਰਤ ਜੋੜੋ ਯਾਤਰਾ’ ਤੋਂ ਬੁਖਲਾਈ ਭਾਜਪਾ ਨੇ ਗੋਆ ਵਿੱਚ ਅਪਰੇਸ਼ਨ ਕੀਚੜ ਚਲਾਇਆ ਹੈ। ਭਾਰਤ ਦੇਖ ਰਿਹਾ ਹੈ। ਉਹ ਤੋੜਨਗੇ; ਅਸੀਂ ਜੋੜਾਂਗੇ।’’ -ਏਜੰਸੀ