ਨਵੀਂ ਦਿੱਲੀ, 29 ਜੁਲਾਈ
ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਲੋਕ ਸਭਾ ’ਚ ਟੀਐੱਮਸੀ ਮੈਂਬਰ ’ਤੇ ਦੋਸ਼ ਲਾਇਆ ਕਿ ਉਸ ਨੇ ਸੰਸਦੀ ਕਮੇਟੀ ਦੀ ਬੁੱਧਵਾਰ ਨੂੰ ਹੋਈ ਮੀਟਿੰਗ ਦੌਰਾਨ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਵਿਰੋਧੀ ਧਿਰ ਵੱਲੋਂ ਲੋਕ ਸਭਾ ’ਚ ਕੀਤੇ ਜਾ ਰਹੇ ਹੰਗਾਮੇ ਦੌਰਾਨ ਦੂਬੇ ਨੇ ਸ਼ਿਕਾਇਤ ਕੀਤੀ ਕਿ ਤ੍ਰਿਣਮੂਲ ਕਾਂਗਰਸ ਦੀ ਮਹਿਲਾ ਆਗੂ ਨੇ ਉਨ੍ਹਾਂ ਨੂੰ ਗਲਤ ਨਾਮ ਨਾਲ ਪੁਕਾਰਿਆ। ਦੂਬੇ ਵੱਲੋਂ ਆਖੇ ਗਏ ਸ਼ਬਦਾਂ ਨੂੰ ਚੇਅਰ ਨੇ ਸਦਨ ਦੀ ਕਾਰਵਾਈ ’ਚੋਂ ਕਢਵਾ ਦਿੱਤਾ। ਦੂਬੇ ਨੇ ਕਿਹਾ,‘‘ਸਾਡੀ ਗਲਤੀ ਕੀ ਹੈ? ਮੁਲਕ ਦਾ ਵਿਕਾਸ ਕਰਾਉਣਾ ਸਾਡੀ ਗਲਤੀ ਹੈ। ਅਸੀਂ ਮਜ਼ਦੂਰਾਂ ਵਜੋਂ ਕੰਮ ਕੀਤਾ ਹੈ। ਯੂਪੀ ਜਾਂ ਮੱਧ ਪ੍ਰਦੇਸ਼ ਤੋਂ ਆ ਕੇ ਅਸੀਂ ਸਖ਼ਤ ਮਿਹਨਤ ਕੀਤੀ ਹੈ।’’ ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਆਈਟੀ ਬਾਰੇ ਸੰਸਦੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਸੀ ਪਰ ਭਾਜਪਾ ਮੈਂਬਰਾਂ ਵੱਲੋਂ ਰਜਿਸਟਰ ’ਤੇ ਦਸਤਖ਼ਤ ਨਾ ਕੀਤੇ ਜਾਣ ਕਾਰਨ ਕੋਰਮ ਪੂਰਾ ਨਾ ਹੋ ਸਕਿਆ ਅਤੇ ਇਹ ਮੁਲਤਵੀ ਕਰ ਦਿੱਤੀ ਗਈ ਸੀ। ਇਸ ਦੌਰਾਨ ਦੂਬੇ ਨੇ ਦੋਸ਼ ਲਾਇਆ ਸੀ ਕਿ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਉਸ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਦੁੂਬੇ ਨੇ ਟਵੀਟ ਕਰਕੇ ਕਿਹਾ ਸੀ ਕਿ ਮੋਇਤਰਾ ਦੀ ਟਿੱਪਣੀ ਟੀਐੱਮਸੀ ਦੇ ਬਿਹਾਰ ਅਤੇ ਹਿੰਦੀ ਬੋਲਣ ਵਾਲੇ ਇਲਾਕਿਆਂ ਦੇ ਲੋਕਾਂ ਪ੍ਰਤੀ ਰਵੱਈਏ ਨੂੰ ਦਰਸਾਉਂਦੀ ਹੈ। ਉਂਜ ਮਹੂਆ ਮੋਇਤਰਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਦੂਬੇ ਤਾਂ ਮੀਟਿੰਗ ਦੌਰਾਨ ਹਾਜ਼ਰ ਹੀ ਨਹੀਂ ਸੀ। -ਪੀਟੀਆਈ