ਜੰਮੂ, 5 ਜੁਲਾਈ
ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਨੇ ਲਸ਼ਕਰ-ਏ-ਤਇਬਾ ਦੇ ਦਹਿਸ਼ਤਗਰਦ ਤਾਲਬਿ ਹੁਸੈਨ ਸ਼ਾਹ ਨਾਲ ਭਾਜਪਾ ਦੀ ਕਥਿਤ ਸਾਂਝ ਖਿਲਾਫ਼ ਇਥੇ ਰੋਸ ਮੁਜ਼ਾਹਰਾ ਕੀਤਾ। ਪਾਰਟੀ ਨੇ ਮੰਗ ਕੀਤੀ ਕਿ ਇਸ ਗੱਲ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਕਿ ਭਾਜਪਾ ਨੇ ਲਸ਼ਕਰ ਦਹਿਸ਼ਤਗਰਦ ਦੇ ਪਿਛੋਕੜ ਦਾ ਪਤਾ ਲਾਏ ਬਿਨਾਂ ਉਸ ਨੂੰ ਆਪਣੇ ਦਫ਼ਤਰ ਵਿੱਚ ਦਾਖ਼ਲਾ ਕਿਵੇਂ ਦਿੱਤਾ। ਪੀਡੀਪੀ ਦੇ ਜਨਰਲ ਸਕੱਤਰ ਅਮਰੀਕ ਸਿੰਘ ਰੀਨ ਦੀ ਅਗਵਾਈ ਵਿੱਚ ਪਾਰਟੀ ਦੇ ਦਰਜਨਾਂ ਕਾਰਕੁਨਾਂ ਨੇ ਇਥੇ ਗਾਂਧੀ ਨਗਰ ਵਿਚਲੇ ਪਾਰਟੀ ਹੈੱਡਕੁਆਰਟਰ ਦੇ ਬਾਹਰ ਮੁਜ਼ਾਹਰਾ ਕੀਤਾ। ਕਾਬਿਲੇਗੌਰ ਹੈ ਕਿ ਰਿਆਸੀ ਜ਼ਿਲ੍ਹੇ ਦੇ ਤੁਕਸੋਨ ਢੋਕ ਪਿੰਡ ਦੇ ਲੋਕਾਂ ਨੇ ਲੰਘੇ ਐਤਵਾਰ ਨੂੰ ਤਾਲਬਿ ਹੁਸੈਨ ਸ਼ਾਹ ਸਣੇ ਦੋ ਹਥਿਆਰਬੰਦ ਦਹਿਸ਼ਤਗਰਦਾਂ ਨੂੰ ਕਾਬੂ ਕਰਕੇ ਮਗਰੋਂ ਪੁਲੀਸ ਹਵਾਲੇ ਕਰ ਦਿੱਤਾ ਸੀ। ਮਗਰੋਂ ਹੁਸੈਨ ਦੇ ਸਾਬਕਾ ਭਾਜਪਾ ਵਰਕਰ ਹੋਣ ਬਾਰੇ ਪਤਾ ਲੱਗਾ ਸੀ। ਉਧਰ ਭਾਜਪਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਤਾਲਬਿ ਉਨ੍ਹਾਂ ਦੇ ਆਗੂਆਂ ਤੇ ਵਰਕਰਾਂ ਨੂੰ ਪੱਤਰਕਾਰ ਵਜੋਂ ਮਿਲਦਾ ਸੀ। ਪੀਡੀਪੀ ਤਰਜਮਨ ਵਰਿੰਦਰ ਸਿੰਘ ਸੋਨੂ ਨੇ ਕਿਹਾ, ‘‘ਉਹ ਝੂਠੇ ਦਾਅਵੇ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਸੱਚ ਤਾਂ ਇਹ ਹੈ ਕਿ ਉਹ ਭਾਜਪਾ ਦਾ ਮੈਂਬਰ ਸੀ ਤੇ ਉਸ ਦੇ ਆਈਟੀ ਅਤੇ ਘੱਟਗਿਣਤੀ ਕਮਿਊਨਿਟੀ ਸੈੱਲ ਦੇ ਸੋਸ਼ਲ ਮੀਡੀਆ ਵਿੰਗ ਨੂੰ ਚਲਾਉਂਦਾ ਸੀ।’’ -ਪੀਟੀਆਈ