ਕੋਲਕਾਤਾ, 21 ਜੁਲਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਬਹੁਤਾ ਚਿਰ ਨਹੀਂ ਚੱਲੇਗੀ ਕਿਉਂਕਿ ਇਹ ਸਰਕਾਰ ਡਰਾ ਧਮਕਾ ਕੇ ਬਣਾਈ ਗਈ ਹੈ। ‘ਸ਼ਹੀਦ ਦਿਵਸ’ ਮੌਕੇ ਤ੍ਰਿਣਮੂਲ ਕਾਂਗਰਸ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਲੋਕ ਸਭਾ ਚੋਣਾਂ ਵਿਚ ਦਿਖਾਈ ਸ਼ਾਨਦਾਰ ਕਾਰਗੁਜ਼ਾਰੀ ਲਈ ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਦੀ ਤਾਰੀਫ਼ ਕੀਤੀ। ਯਾਦਵ ਰੈਲੀ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੁੱਖ ਮੰਤਰੀ ਨੇ ਕਿਹਾ, ‘‘ਕੇਂਦਰ ਦੀ ਸਰਕਾਰ ਬਹੁਤਾ ਚਿਰ ਨਹੀਂ ਟਿਕੇਗੀ। ਇਹ ਸਥਿਰ ਸਰਕਾਰ ਨਹੀਂ ਹੈ ਤੇ ਜਲਦੀ ਡਿੱਗ ਜਾਵੇਗੀ।’’ ਟੀਐੱਮਸੀ ਸੁਪਰੀਮੋ ਨੇ ਅਖਿਲੇਸ਼ ਯਾਦਵ ਦੀ ਤਾਰੀਫ਼ ਕਰਦਿਆਂ ਕਿਹਾ, ‘‘ਤੁਸੀਂ ਯੂਪੀ ਵਿਚ ਜਿਹੜਾ ‘ਖੇਲਾ’ ਖੇਡਿਆ, ਉਸ ਨੇ ਯੂਪੀ ਵਿਚ ਭਾਜਪਾ ਸਰਕਾਰ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰ ਦਿੱਤਾ, ਪਰ ਬੇਸ਼ਰਮ ਸਰਕਾਰ ਏਜੰਸੀਆਂ ਤੇ ਹੋਰ ਢੰਗ ਤਰੀਕਿਆਂ ਦੀ ਦੁਰਵਰਤੋਂ ਨਾਲ ਅਜੇ ਵੀ ਸੱਤਾ ਵਿਚ ਬਣੀ ਹੋਈ ਹੈ।’’ ਉਧਰ ਅਖਿਲੇਸ਼ ਯਾਦਵ ਨੇ ਕਿਹਾ, ‘‘ਸੱਤਾ ਵਿਚ ਆਉਣ ਵਾਲੇ ਕੁਝ ਦਿਨਾਂ ਦੇ ਮਹਿਮਾਨ ਹਨ। ਕੇਂਦਰ ਦੀ ਇਹ ਸਰਕਾਰ ਬਹੁਤਾ ਚਿਰ ਨਹੀਂ ਟਿਕੇਗੀ। ਅਜਿਹੀਆਂ ਫਿਰਕੂ ਤਾਕਤਾਂ ਕਿਸੇ ਵੀ ਕੀਮਤ ’ਤੇ ਸੱਤਾ ਵਿਚ ਬਣੇ ਰਹਿਣਾ ਚਾਹੁੰਦੀਆਂ ਹਨ, ਪਰ ਉਨ੍ਹਾਂ ਦੀਆਂ ਇਹ ਚਾਲਾਂ ਸਫ਼ਲ ਨਹੀਂ ਹੋਣਗੀਆਂ।’’ -ਪੀਟੀਆਈ