ਬਾਂਦਾ, 19 ਫਰਵਰੀ
ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਆਗੂ ਅਮਿਤ ਸ਼ਾਹ ਨੇ ਅੱਜ ਯੂਪੀ ਵਿਚ ਵਿਰੋਧੀ ਧਿਰਾਂ ਸਪਾ, ਬਸਪਾ ਤੇ ਕਾਂਗਰਸ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਰਾਜ ਵਿਚ ਉੱਤਰ ਪ੍ਰਦੇਸ਼ ਦਾ ਬੁੰਦੇਲਖੰਡ ਖੇਤਰ ਗ਼ੈਰਕਾਨੂੰਨੀ ਦੇਸੀ ਪਿਸਤੌਲਾਂ (ਕੱਟਾ) ਦੇ ਨਿਰਮਾਣ ਲਈ ਜਾਣਿਆ ਜਾਂਦਾ ਸੀ, ਪਰ ਨਰਿੰਦਰ ਮੋਦੀ ਸਰਕਾਰ ਇਸ ਨੂੰ ਰੱਖਿਆ ਨਿਰਮਾਣ ਦਾ ਧੁਰਾ ਬਣਾ ਰਹੀ ਹੈ, ਜਿੱਥੇ ਮਿਜ਼ਾਈਲਾਂ ਤੇ ਸ਼ੈੱਲ ਤਿਆਰ ਹੋਣਗੇ। ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਬੁੰਦੇਲਖੰਡ ਵਿਚ ਪਹਿਲਾਂ ‘ਕੱਟੇ’ ਬਣਦੇ ਸਨ, ਹੁਣ ਜਦ ਇੱਥੇ ਮਿਜ਼ਾਈਲਾਂ ਬਣਨਗੀਆਂ ਤਾਂ ਉਨ੍ਹਾਂ ਨੂੰ ਪਾਕਿਸਤਾਨ ’ਤੇ ਦਾਗਿਆ ਜਾਵੇਗਾ। ਇਸ ਨਾਲ ਪਾਕਿਸਤਾਨ ਨੂੰ ਬੁੰਦੇਲਾਂ ਦੀ ਬਹਾਦਰੀ ਦਾ ਵੀ ਪਤਾ ਲੱਗੇਗਾ। ਇੱਥੇ ਬਣੇ ਸ਼ੈੱਲ ਪਾਕਿਸਤਾਨੀ ਟੈਂਕਾਂ ਨੂੰ ਉਡਾ ਦੇਣਗੇ। ਬੁੰਦੇਲਖੰਡ ਖੇਤਰ ਦੇ ਝਾਂਸੀ, ਜਾਲੌਨ, ਲਲਿਤਪੁਰ, ਹਮੀਰਪੁਰ, ਮਹੋਬਾ, ਬਾਂਦਾ ਤੇ ਚਿਤਰਕੂਟ ਵਿਚ ਵੋਟਾਂ ਤੀਜੇ, ਚੌਥੇ ਤੇ ਪੰਜਵੇਂ ਗੇੜ ਵਿਚ ਪੈਣਗੀਆਂ। ਤੀਜੇ ਗੇੜ ਦੀਆਂ ਚੋਣਾਂ ਭਲਕੇ ਹੋ ਰਹੀਆਂ ਹਨ। ਝਾਂਸੀ, ਜਾਲੌਨ, ਲਲਿਤਪੁਰ, ਹਮੀਰਪੁਰ ਤੇ ਮਹੋਬਾ ਵਿਚ ਚੋਣ ਅਮਲ ਭਲਕੇ ਮੁਕੰਮਲ ਹੋ ਜਾਵੇਗਾ। ਬਾਂਦਾ ਵਿਚ ਚੌਥੇ ਗੇੜ (23 ਫਰਵਰੀ) ’ਚ ਤੇ ਚਿਤਰਕੂਟ ਵਿਚ ਪੰਜਵੇਂ ਗੇੜ (27 ਫਰਵਰੀ) ਨੂੰ ਵੋਟਾਂ ਪੈਣਗੀਆਂ। ਕੇਂਦਰੀ ਮੰਤਰੀ ਸ਼ਾਹ ਨੇ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਵੇਲੇ ਵਿਕਾਸ ਕਾਰਜ ਮੁਕੰਮਲ ਹੋਣ ’ਚ ਕਈ ਸਾਲ ਲੈਂਦੇ ਸਨ ਪਰ ਨਰਿੰਦਰ ਮੋਦੀ ਵੱਲੋਂ ਜਿਨ੍ਹਾਂ ਸਕੀਮਾਂ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਉਹ ਕਾਰਜ ਸਮੇਂ ਸਿਰ ਮੁਕੰਮਲ ਹੋਏ ਹਨ। ਸ਼ਾਹ ਨੇ ਬੁੰਦੇਲਖੰਡ ਦੇ ਲੋਕਾਂ ਨੂੰ ਭਾਜਪਾ ਲਈ ਵੋਟ ਦੇਣ ਦੀ ਅਪੀਲ ਕੀਤੀ। -ਪੀਟੀਆਈ
‘ਸਪਾ’ ਦੇ ਸਬੰਧ ਅਹਿਮਦਾਬਾਦ ਧਮਾਕਿਆਂ ਦੇ ਅਤਿਵਾਦੀਆਂ ਨਾਲ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਅੱਜ ਦੋਸ਼ ਲਾਇਆ ਕਿ ਸਮਾਜਵਾਦੀ ਪਾਰਟੀ ਦੇ ਸਬੰਧ ਅਹਿਮਦਾਬਾਦ ਧਮਾਕਿਆਂ (2008) ਦੇ ਅਤਿਵਾਦੀਆਂ ਨਾਲ ਰਹੇ ਹਨ। ਉਨ੍ਹਾਂ ਕਿਹਾ ਕਿ ਸਪਾ ‘ਘੱਟਗਿਣਤੀਆਂ ਨੂੰ ਖ਼ੁਸ਼ ਕਰਨ ਲਈ ਹਰ ਯਤਨ ਕਰਦੀ ਹੈ’ ਤੇ ‘ਸਮਾਜ ਵਿਰੋਧੀ’ ਹੈ। ਜ਼ਿਕਰਯੋਗ ਹੈ ਕਿ ਇਕ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਇੰਡੀਅਨ ਮੁਜਾਹਿਦੀਨ ਦੇ 38 ਮੈਂਬਰਾਂ ਨੂੰ ਅਹਿਮਦਾਬਾਦ ਧਮਾਕਿਆਂ ਦੇ ਕੇਸ ਵਿਚ ਮੌਤ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਧਮਾਕਿਆਂ ਵਿਚ 56 ਜਣੇ ਮਾਰੇ ਗਏ ਸਨ ਤੇ 200 ਤੋਂ ਵੱਧ ਫੱਟੜ ਹੋ ਗਏ ਸਨ। ਇਸੇ ਕੇਸ ਵਿਚ 11 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਭਾਜਪਾ ਮੁੱਖ ਦਫ਼ਤਰ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਕ ਫੋਟੋ ਦਿਖਾਈ ਜਿਸ ਵਿਚ ਅਹਿਮਦਾਬਾਦ ਧਮਾਕਿਆਂ ਦੇ ਇਕ ਦੋਸ਼ੀ ਦਾ ਪਿਤਾ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਨਜ਼ਰ ਆ ਰਿਹਾ ਹੈ। ਉਨ੍ਹਾਂ ਇਸ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਸਪਾ ਦੇ ਇਨ੍ਹਾਂ ਅਤਿਵਾਦੀਆਂ ਨਾਲ ਸਬੰਧ ਸਨ। ਠਾਕੁਰ ਨੇ ਯਾਦਵ ਤੋਂ ਜਵਾਬ ਵੀ ਮੰਗਿਆ ਤੇ ਕਿਹਾ ਕਿ ਭਾਜਪਾ ਨੇ ਕਦੇ ਵੀ ਅਤਿਵਾਦ ਵਿਰੁੱਧ ਢਿੱਲ ਨਹੀਂ ਵਰਤੀ ਹੈ, ਜਦਕਿ ਸਪਾ ਉਨ੍ਹਾਂ ਨਾਲ ਖੜ੍ਹਦੀ ਹੈ ਜੋ ਦਹਿਸ਼ਗਰਦੀ ਵਿਚ ਸ਼ਾਮਲ ਹਨ। ਉਨ੍ਹਾਂ ਦੋਸ਼ ਲਾਇਆ ਕਿ ਯੂਪੀ ਦੇ ਸਪਾ ਆਗੂਆਂ ਦੇ ਅਹਿਮਦਾਬਾਦ ਧਮਾਕਿਆਂ ਦੇ ਦੋਸ਼ੀਆਂ ਨਾਲ ਸਬੰਧ ਸਨ। ਠਾਕੁਰ ਦਾ ਇਹ ਬਿਆਨ ਯੂਪੀ ’ਚ ਤੀਜੇ ਗੇੜ ਦੀਆਂ ਚੋਣਾਂ ਤੋਂ ਇਕ ਦਿਨ ਪਹਿਲਾਂ ਆਇਆ ਹੈ ਜਿੱਥੇ ਭਾਜਪਾ ਤੇ ਸਪਾ ਦਾ ਸਿੱਧਾ ਮੁਕਾਬਲਾ ਹੈ। ਯਾਦਵ ਉਤੇ ਵਿਅੰਗ ਕਸਦਿਆਂ ਠਾਕੁਰ ਨੇ ਕਿਹਾ, ‘ਬੁੱਲ੍ਹਾਂ ਉਤੇ ਰਾਮ ਤੇ ਅਤਿਵਾਦੀਆਂ ਨਾਲ ਸਾਂਝ। ਇਹ ਸਮਾਜਵਾਦੀ ਪਾਰਟੀ ਨਹੀਂ ਬਲਕਿ ਸਮਾਜਵਿਦ੍ਰੋਹੀ ਪਾਰਟੀ ਹੈ। ਇਹ ਘੱਟਗਿਣਤੀਆਂ ਨੂੰ ਖ਼ੁਸ਼ ਕਰਨ ਲਈ ਹੈ।’ -ਪੀਟੀਆਈ