ਲਖਨਊ: ਕਾਂਗਰਸ ਨੇ ਉੱਤਰ ਪ੍ਰਦੇਸ਼ ਦੀ ਸੱਤਾਧਾਰੀ ਭਾਜਪਾ ’ਤੇ ਕਾਨਪੁੁਰ ਵਿੱਚ ਪਾਰਟੀ ਦੇ ਇੱਕ ਪ੍ਰੋਗਰਾਮ, ਜਿੱਥੇ ਇਸ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਪਾਰਟੀ ਦੇ ਖੇਤਰੀ ਦਫ਼ਤਰ ਦਾ ਉਦਘਾਟਨ ਕੀਤਾ ਗਿਆ, ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ।
ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਪੀ.ਐੱਲ. ਪੂਨੀਆ ਨੇ ਇੱਥੇ ਕਿਹਾ, ‘‘ਭਾਜਪਾ ਪ੍ਰਧਾਨ ਜੇ.ਪੀ. ਨੱਢਾ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਾਨਪੁੁਰ ਵਿੱਚ ਪੰਜ ਤਾਰਾ ਹੋਟਲ ਵਰਗੇ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ। ਸਾਰਾ ਪ੍ਰਸ਼ਾਸਨ ਸੱਤਾਧਾਰੀ ਪਾਰਟੀ ਲਈ ਪ੍ਰੋਗਰਾਮ ਨੂੰ ਸ਼ਾਹੀ ਬਣਾਉਣ ਵਿੱਚ ਰੁੱਝਿਆ ਹੋਇਆ ਸੀ।’’ ਪੂਨੀਆ ਨੇ ਕਿਹਾ ਕਿ ਸੂਬਾ ਸਰਕਾਰ ਦੇ ‘ਕਾਲੇ ਕਾਰਨਾਮੇ’ ਇਸ ਵੱਡੇ ਪ੍ਰੋਗਰਾਮ ਨਾਲ ਨਹੀਂ ਲੁਕ ਸਕਦੇ ਅਤੇ ਕਥਿਤ ਦੋਸ਼ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਦੀ ਸ਼ਹਿ ’ਤੇ ਭਾਜਪਾ ਦੇ ਨਵੇਂ ਦਫ਼ਤਰ ਦੇ ਆਲੇ-ਦੁਆਲੇ ਝੁੱਗੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਉਜਾੜਿਆ ਗਿਆ ਹੈ। -ਪੀਟੀਆਈ