ਅਯੁੱਧਿਆ, 18 ਅਕਤੂਬਰ
ਇੱਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਅਯੁੱਧਿਆ ਵਿੱਚ ਗੋਸਾਈਂਗੰਜ ਤੋਂ ਭਾਜਪਾ ਵਿਧਾਇਕ ਇੰਦਰ ਪ੍ਰਤਾਪ ਤਿਵਾੜੀ ਨੂੰ ਕਾਲਜ ਵਿੱਚ ਦਾਖਲੇ ਲਈ ਕਥਿਤ ਜਾਅਲੀ ਨੰਬਰ ਕਾਰਡ ਵਰਤਣ ਦੇ ਦੋਸ਼ ਹੇਠ 28 ਸਾਲ ਪੁਰਾਣੇ ਕੇਸ ਵਿੱਚ 5 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਐੱਮਪੀ/ਐੱਮਐੱਲਏ ਸਬੰਧੀ ਅਦਾਲਤ ਦੀ ਸਪੈਸ਼ਲ ਜੱਜ ਪੂਜਾ ਸਿੰਘ ਨੇ ਉਕਤ ਫ਼ੈਸਲਾ ਸੁਣਾਉਂਦਿਆਂ ਵਿਧਾਇਕ ਤਿਵਾੜੀ, ਜੋ ਕਿ ਅਦਾਲਤ ਵਿੱਚ ਮੌਜੂਦ ਸੀ, ਨੂੰ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਦਾਲਤ ਨੇ ਵਿਧਾਇਕ ਤਿਵਾੜੀ ਨੂੰ 8 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਵਿਧਾਇਕ ਇੰਦਰ ਪ੍ਰਤਾਪ ਤਿਵਾੜੀ ਇਹ ਕੇਸ 1992 ਵਿੱਚ ਸਾਕੇਤ ਡਿਗਰੀ ਕਾਲਜ ਅਯੁੱਧਿਆ ਦੇ ਤਤਕਾਲੀ ਪ੍ਰਿੰਸੀਪਲ ਵੱਲੋਂ ਰਾਮ ਜਨਮਭੂਮੀ ਥਾਣੇ ਵਿੱਚ ਦਰਜ ਕਰਵਾਇਆ ਗਿਆ ਸੀ। -ਪੀਟੀਆਈ