ਕੋਲਕਾਤਾ/ਨਵੀਂ ਦਿੱਲੀ, 18 ਸਤੰਬਰ
ਭਾਜਪਾ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਓ ਅੱਜ ਇਥੇ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਕੇਂਦਰੀ ਮੰਤਰੀ ਮੰਡਲ ’ਚੋਂ ਹਟਾਏ ਜਾਣ ਮਗਰੋਂ ਉਨ੍ਹਾਂ ਸਿਆਸਤ ਛੱਡਣ ਦਾ ਐਲਾਨ ਕੀਤਾ ਸੀ। ਤ੍ਰਿਣਮੂਲ ਕਾਂਗਰਸ ਨੇ ਟਵੀਟ ਕਰਕੇ ਕਿਹਾ,‘‘ਅੱਜ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਅਤੇ ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ ਦੀ ਹਾਜ਼ਰੀ ’ਚ ਬਾਬੁਲ ਸੁਪ੍ਰਿਓ ਤ੍ਰਿਣਮੂਲ ਪਰਿਵਾਰ ਨਾਲ ਜੁੜ ਗਏ ਹਨ।’’ ਟੀਐੱਮਸੀ ’ਚ ਸ਼ਾਮਲ ਹੋਣ ਮਗਰੋਂ ਬਾਬੁਲ ਸੁਪ੍ਰਿਓ ਨੇ ਕਿਹਾ ਕਿ ਉਹ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਪਾਰਟੀ ਦਾ ਹਿੱਸਾ ਬਣ ਕੇ ਉਤਸ਼ਾਹਿਤ ਹੈ ਅਤੇ ਉਹ ਪੱਛਮੀ ਬੰਗਾਲ ਦੇ ਵਿਕਾਸ ਲਈ ਸਖ਼ਤ ਮਿਹਨਤ ਕਰਨਗੇ। ਆਸਨਸੋਲ ਸੀਟ ਤੋਂ ਅਸਤੀਫ਼ਾ ਦੇਣ ਬਾਰੇ ਉਨ੍ਹਾਂ ਕਿਹਾ,‘‘ਜਦੋਂ ਮੈਂ ਦੋ ਮਹੀਨੇ ਪਹਿਲਾਂ ਕਿਹਾ ਸੀ ਕਿ ਮੈਂ ਸਿਆਸਤ ਛੱਡਣਾ ਚਾਹੁੰਦਾ ਹਾਂ ਤਾਂ ਉਸ ਸਮੇਂ ਮੈਂ ਗੰਭੀਰ ਸੀ ਪਰ ਹੁਣ ਨਵਾਂ ਮੌਕਾ ਮਿਲਣ ’ਤੇ ਮੈਂ ਆਪਣਾ ਮਨ ਬਦਲ ਲਿਆ ਹੈ। ਮੈਂ ਨਿਯਮਾਂ ਦਾ ਪਾਲਣ ਕਰਾਂਗਾ। ਹੁਣ ਜਦੋਂ ਮੈਂ ਟੀਐੱਮਸੀ ’ਚ ਸ਼ਾਮਲ ਹੋ ਗਿਆ ਹਾਂ ਤਾਂ ਆਸਨਸੋਲ ਸੀਟ ’ਤੇ ਬਣੇ ਰਹਿਣ ਦੀ ਕੋਈ ਤੁਕ ਨਹੀਂ ਹੈ।’’ ਸੁਪ੍ਰਿਓ ਨੇ ਕਿਹਾ ਕਿ ਉਹ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕਰਨਗੇ। ਪਿਛਲੇ ਮਹੀਨੇ ਸੁਪ੍ਰਿਓ ਨੇ ਐਲਾਨ ਕੀਤਾ ਸੀ ਕਿ ਉਹ ਸਿਆਸਤ ਛੱਡ ਰਹੇ ਹਨ ਪਰ ਬਾਅਦ ’ਚ ਉਨ੍ਹਾਂ ਨੂੰ ਲੋਕ ਸਭਾ ਸੀਟ ਤੋਂ ਅਸਤੀਫ਼ਾ ਨਾ ਦੇਣ ਲਈ ਮਨਾ ਲਿਆ ਗਿਆ ਸੀ। ਆਸਨਸੋਲ ਤੋਂ ਸੰਸਦ ਮੈਂਬਰ ਨੇ ਉਸ ਸਮੇਂ ਆਖਿਆ ਸੀ ਕਿ ਉਹ ਸੰਸਦ ਮੈਂਬਰ ਵਜੋਂ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣਗੇ। ਇਸ ਦੌਰਾਨ ਕੇਂਦਰ ਸਰਕਾਰ ਨੇ ਬਾਬੁਲ ਸੁਪ੍ਰਿਓ ਦੀ ਸੁਰੱਖਿਆ ਛਤਰੀ ‘ਜ਼ੈੱਡ’ ਸ਼੍ਰੇਣੀ ਤੋਂ ਘਟਾ ਕੇ ‘ਵਾਈ’ ਕਰ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਕੇਂਦਰੀ ਸੁਰੱਖਿਆ ਅਤੇ ਖ਼ੁਫ਼ੀਆ ਏਜੰਸੀਆਂ ਵੱਲੋਂ ਕੀਤੀ ਗਈ ਸਿਫ਼ਾਰਿਸ਼ ਦੇ ਆਧਾਰ ’ਤੇ ਬਾਬੁਲ ਦੀ ਸੁਰੱਖਿਆ ਘਟਾਈ ਗਈ ਹੈ। ਬਾਬੁਲ ਸੁਪ੍ਰਿਓ ਦੀ ਸੁਰੱਖਿਆ ’ਚ ਪਹਿਲਾਂ ਛੇ-ਸੱਤ ਕਮਾਂਡੋ ਤਾਇਨਾਤ ਸਨ ਪਰ ਹੁਣ ਸਫ਼ਰ ਦੌਰਾਨ ਉਸ ਨੂੰ ਸਿਰਫ਼ ਦੋ ਹਥਿਆਰਬੰਦ ਜਵਾਨ ਹੀ ਮਿਲਣਗੇ। -ਪੀਟੀਆਈ