ਨਵੀਂ ਦਿੱਲੀ, 7 ਦਸੰਬਰ
ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਅੱਜ ਲੋਕ ਸਭਾ ਵਿਚ ਕਿਹਾ ਕਿ ਅਨੁਸੂਚਿਤ ਕਬੀਲਿਆਂ (ਐੱਸਟੀ) ਦੇ ਜਿਨ੍ਹਾਂ ਮੈਂਬਰਾਂ ਨੇ ਧਰਮ ਬਦਲਣ ਨੂੰ ਪਹਿਲ ਦਿੱਤੀ ਹੈ, ਨੂੰ ਰਾਖ਼ਵਾਂਕਰਨ ਤੇ ਹੋਰ ਲਾਭ ਨਹੀਂ ਮਿਲਣੇ ਚਾਹੀਦੇ। ਇਸ ਨਾਲ ਧਰਮ ਬਦਲੀ ਰੋਕਣ ਵਿਚ ਮਦਦ ਮਿਲੇਗੀ। ਹੇਠਲੇ ਸਦਨ ਵਿਚ ਸਿਫ਼ਰ ਕਾਲ ਦੌਰਾਨ ਬੋਲਦਿਆਂ ਦੂਬੇ ਨੇ ਕਿਹਾ ਕਿ ਉਨ੍ਹਾਂ ਦੇ ਗ੍ਰਹਿ ਰਾਜ ਝਾਰਖੰਡ ਵਿਚ ਧਰਮ ਬਦਲੀ ਵੱਡਾ ਮੁੱਦਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲਾਲਚ ਦੇ ਕੇ ਧਰਮ ਬਦਲਾਇਆ ਜਾ ਰਿਹਾ ਹੈ। ਦੂਬੇ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 341 ਮੁਤਾਬਕ ਐੱਸਸੀ ਭਾਈਚਾਰਿਆਂ ਨੂੰ ਮਿਲਿਆ ਰਾਖ਼ਵਾਂਕਰਨ ਉਦੋਂ ਨਹੀਂ ਮਿਲਦਾ ਜਦ ਉਹ ਧਰਮ ਬਦਲ ਲੈਂਦੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਐੱਸਟੀ ਭਾਈਚਾਰਿਆਂ ਲਈ ਵੀ ਇਹੀ ਤਜਵੀਜ਼ ਰੱਖੀ ਜਾਵੇ। ਇਸੇ ਦੌਰਾਨ ਸਿਫ਼ਰ ਕਾਲ ਵਿਚ ਬੋਲਦਿਆਂ ਨੈਸ਼ਨਲ ਪੀਪਲਜ਼ ਪਾਰਟੀ ਦੀ ਸੰਸਦ ਮੈਂਬਰ ਅਗਾਥਾ ਸੰਗਮਾ ਨੇ ਕਿਹਾ ਕਿ ਨਾਗਾਲੈਂਡ ਦੀ ਘਟਨਾ ਤੋਂ ਬਾਅਦ ‘ਅਫਸਪਾ’ ਉਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਤੇ ਇਸ ਨੂੰ ਹੁਣ ਹਟਾਇਆ ਜਾਣਾ ਚਾਹੀਦਾ ਹੈ। ਸੰਗਮਾ ਦੀ ਪਾਰਟੀ ਐਨਪੀਪੀ ਮੇਘਾਲਿਆ ਵਿਚ ਭਾਜਪਾ ਨਾਲ ਗੱਠਜੋੜ ਵਿਚ ਹੈ। ਉਨ੍ਹਾਂ ਇਸੇ ਸੰਦਰਭ ਵਿਚ ਮਨੀਪੁਰ ਦੀ ਘਟਨਾ (ਸੰਨ 2000) ਦਾ ਜ਼ਿਕਰ ਵੀ ਕੀਤਾ ਜਿਸ ਵਿਚ 10 ਨਾਗਰਿਕ ਮਾਰੇ ਗਏ ਸਨ ਤੇ ਇਸੇ ਖ਼ਿਲਾਫ਼ ਇਰੋਮ ਸ਼ਰਮੀਲਾ ਨੇ 16 ਸਾਲ ਭੁੱਖ ਹੜਤਾਲ ਰੱਖੀ ਸੀ। ਕਾਂਗਰਸ ਦੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਅਦਾਲਤਾਂ ਵਿਚ ਲੰਮੇ ਸਮੇਂ ਤੋਂ ਬਕਾਇਆ ਕੇਸਾਂ ਦਾ ਮੁੱਦਾ ਉਭਾਰਿਆ। ਉਨ੍ਹਾਂ ਦੋਸ਼ ਲਾਇਆ ਕਿ ਨਿਆਂਪਾਲਿਕਾ ’ਚ ‘ਸੰਵੇਦਨਸ਼ੀਲਤਾ ਦੀ ਘਾਟ’ ਦੀਆਂ ਕਈ ਉਦਾਹਰਨਾਂ ਹਨ। -ਪੀਟੀਆਈ
ਅਨੁਰਾਗ ਠਾਕੁਰ ਵੱਲੋਂ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰਨ ਦਾ ਯਤਨ
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਲੋਕ ਸਭਾ ਵਿਚ ਕਿਹਾ ਕਿ ਪੰਜਾਬ ਦਾ ਖੇਡ ਖੇਤਰ ਵਿਚ ਯੋਗਦਾਨ ਬੇਮਿਸਾਲ ਹੈ ਤੇ ਉਹ ਆਸ ਕਰਦੇ ਹਨ ਕਿ ਉੱਥੋਂ ਦੀ ਕਾਂਗਰਸ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕਦਮ ਚੁੱਕੇ ਹੋਣਗੇ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੀਆਂ ਖੇਡ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਕੇਂਦਰੀ ਖੇਡ ਮੰਤਰੀ ਨੂੰ ਸਵਾਲ ਕੀਤਾ ਸੀ ਕਿ ਕੀ ਉਹ ਅੰਮ੍ਰਿਤਸਰ ਵਿਚ ਨਵੀਂ ਖੇਡ ਅਕਾਦਮੀ ਬਣਾਉਣ ਉਤੇ ਵਿਚਾਰ ਕਰਨਗੇ।