ਗਿਰਡੀਹ (ਝਾਰਖੰਡ), 29 ਅਗਸਤ
ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੂੰ ਅੱਜ ਜਬਰੀ ਘਰ ’ਚ 14 ਦਿਨਾਂ ਲਈ ਇਕਾਂਤਵਾਸ ਕਰ ਦਿੱਤਾ ਗਿਆ ਹੈ। ਸੀਨੀਅਰ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਇਥੇ ਇਕ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਆਏ ਸਨ ਅਤੇ ਉਨ੍ਹਾਂ ਕੋਵਿਡ-19 ਨੇਮਾਂ ਦੀ ਉਲੰਘਣਾ ਕੀਤੀ ਸੀ। ਉਹ ਦਿੱਲੀ ਲਈ ਰੇਲ ਗੱਡੀ ਫੜਨ ਤੋਂ ਪਹਿਲਾਂ ਜਦੋਂ ਧਨਬਾਦ ਪਰਤ ਰਹੇ ਸਨ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੀਰਟੰਡ ਪੁਲੀਸ ਸਟੇਸ਼ਨ ਨੇੜੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ ਅਤੇ ਸ਼ਾਂਤੀ ਭਵਨ ਆਸ਼ਰਮ ’ਚ ਇਕਾਂਤਵਾਸ ’ਚ ਭੇਜ ਦਿੱਤਾ। ਡੀਸੀ ਰਾਹੁਲ ਕੁਮਾਰ ਸਿਨਹਾ ਨੇ ਦੱਸਿਆ ਕਿ ਉਸ ਨੇ ਸੂਬਾ ਸਰਕਾਰ ਨੂੰ ਆਪਣੇ ਦੌਰੇ ਬਾਰੇ ਜਾਣਕਾਰੀ ਨਹੀਂ ਦਿੱਤੀ ਸੀ ਜਿਸ ਕਾਰਨ 14 ਦਿਨਾਂ ਲਈ ਇਕਾਂਤਵਾਸ ਕੀਤਾ ਗਿਆ ਹੈ। ਉਂਜ ਡੀਸੀ ਨੇ ਕਿਹਾ ਕਿ ਉਹ ਜੇਕਰ ਚਾਹੁਣ ਤਾਂ ਛੋਟ ਲਈ ਦਰਖ਼ਾਸਤ ਦੇ ਸਕਦੇ ਹਨ। -ਪੀਟੀਆਈ