ਨਵੀਂ ਦਿੱਲੀ, 28 ਜੁਲਾਈ
ਭਾਜਪਾ ਨੇ ਸੰਸਦ ਦੀ ਕਾਰਵਾਈ ’ਚ ਅੜਿੱਕੇ ਡਾਹੁਣ ਲਈ ਵਿਰੋਧੀ ਧਿਰ ’ਤੇ ਵਰ੍ਹਦਿਆਂ ਅੱਜ ਕਿਹਾ ਹੈ ਕਿ ਉਹ ਪੈਗਾਸਸ ਜਾਸੂਸੀ ਕਾਂਡ ਜਿਹੇ ‘ਘੜੇ ਗਏ’ ਮੁੱਦਿਆਂ ’ਤੇ ਸੰਸਦ ਠੱਪ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੰਸਦ ਦੇ ਦੋਵੇਂ ਸਦਨਾਂ ’ਚ ਕਰੋਨਾ ਮਹਾਮਾਰੀ ਬਾਰੇ ਚਰਚਾ ਨਾ ਕਰਨਾ ‘ਦੇਸ਼ ਵਿਰੋਧੀ’ ਕਾਰਵਾਈ ਹੈ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਵਿਰੋਧੀ ਧਿਰਾਂ ’ਚ ਏਕਤਾ ਬਾਰੇ ਕਿਹਾ ਕਿ ਉਹ ਪਹਿਲਾਂ ਵੀ ਇਕਜੁੱਟ ਸਨ ਪਰ ਇਨ੍ਹਾਂ ਪਾਰਟੀਆਂ ਦਾ ਮੁੱਖ ਉਦੇਸ਼ ਆਪਣੇ ਪਰਿਵਾਰਕ ਹਿੱਤਾਂ ਦੀ ਰਾਖੀ ਕਰਨਾ ਹੈ। ‘ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਵਿਕਾਸ ਲਈ ਵਚਨਬੱਧ ਹਨ।’ ਵਿਰੋਧੀ ਧਿਰਾਂ ਦੀ ਬੈਠਕ ਤੋਂ ਬਾਅਦ ਰਾਹੁਲ ਵੱਲੋਂ ਸਰਕਾਰ ’ਤੇ ਜਾਸੂਸੀ ਕਾਂਡ ਨੂੰ ‘ਦੇਸ਼ ਵਿਰੋਧੀ’ ਕੰਮ ਕਰਾਰ ਦੇਣ ਦਾ ਜਵਾਬ ਦਿੰਦਿਆਂ ਸੰਬਿਤ ਪਾਤਰਾ ਨੇ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਉਸ ਮੁੱਦੇ ’ਤੇ ਬਹਿਸ ਨਾ ਕਰਾਉਣਾ ‘ਦੇਸ਼ ਵਿਰੋਧੀ’ ਹੈ ਜਿਸ ਨੇ ਮੁਲਕ ਦੇ ਨਾਲ ਨਾਲ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਵਰਗੀਆਂ ਪਾਰਟੀਆਂ ‘ਬੇਲੋੜੇ’ ਮੁੱਦੇ ਨੂੰ ਹਥਿਆਰ ਬਣਾ ਕੇ ਸੰਸਦ ਠੱਪ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਭਾਜਪਾ ਆਗੂ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਸੋਚਦਾ ਹੈ ਕਿ ਉਸ ਦੇ ਮੋਬਾਈਲ ’ਤੇ ਪੈਗਾਸਸ ਸਪਾਈਵੇਅਰ ਦਾ ਹਮਲਾ ਹੋਇਆ ਹੈ ਤਾਂ ਉਸ ਨੂੰ ਪੁਲੀਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਉਧਰ ਭਾਜਪਾ ਪ੍ਰਧਾਨ ਜੇ ਪੀ ਨੱਡਾ ਨੇ ਕਿਹਾ ਕਿ ਪਿਛਲੇ ਡੇਢ ਸਾਲਾਂ ’ਚ ਵਿਰੋਧੀ ਧਿਰ ਦੇ ਆਗੂ ਸਿਰਫ਼ ਪ੍ਰੈੱਸ ਕਾਨਫਰੰਸਾਂ ਜਾਂ ਟਵਿੱਟਰ ’ਤੇ ਹੀ ਨਜ਼ਰੀਂ ਪੈਂਦੇ ਹਨ। ਉਨ੍ਹਾਂ ਕਿਹਾ ਕਿ ਕਰੋੜਾਂ ਭਾਜਪਾ ਵਰਕਰ ਲੋਕਾਂ ਦੀ ਸੇਵਾ ਲਈ ਦਿਨ-ਰਾਤ ਇਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਖ ਵੱਖ ਮੁੱਦੇ ਉਠਾ ਕੇ ਗ਼ੈਰ ਜ਼ਿੰਮੇਵਾਰੀ ਵਾਲਾ ਰਵੱਈਆ ਅਪਣਾ ਰਹੀ ਹੈ। -ਪੀਟੀਆਈ