ਨਗਰਕੋਇਲ, 1 ਮਾਰਚ
ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਤਾਮਿਲ ਨਾਡੂ ਨੂੰ ਭਾਸ਼ਾ ਅਤੇ ਸੱਭਿਆਚਾਰ ਵਿਰੋਧੀ ਤਾਕਤਾਂ ਅਤੇ ‘ਇੱਕ ਸੱਭਿਆਚਾਰ, ਇੱਕ ਰਾਸ਼ਟਰ ਅਤੇ ਇੱਕ ਇਤਿਹਾਸ’ ਦੀ ਧਾਰਨਾ ਪੇਸ਼ ਕਰਨ ਵਾਲਿਆਂ ਨੂੰ ਦੂਰ ਰੱਖਣ ’ਚ ਭਾਰਤ ਦਾ ‘ਰਾਹ ਦਸੇਰਾ’ ਬਣਨਾ ਚਾਹੀਦਾ ਹੈ।
ਰਾਹੁਲ ਗਾਂਧੀ ਨੇ ਸੂਬੇ ਦੇ ਤਿੰਨ ਦਿਨਾਂ ਦੌਰੇ ਦੌਰਾਨ ਇੱਥੇ ਇੱਕ ਜਨਤਕ ਮੀਟਿੰਗ ’ਚ ਬੋਲਦਿਆਂ ਕਿਹਾ, ‘ਇਤਿਹਾਸ ਨੇ ਦਿਖਾਇਆ ਹੈ ਕਿ ਤਾਮਿਲ ਨਾਡੂ ’ਚ ਤਾਮਿਲ ਲੋਕਾਂ ਤੋਂ ਇਲਾਵਾ ਕੋਈ ਹੋਰ ਸੱਤਾ ’ਚ ਨਹੀਂ ਆ ਸਕਦਾ।’ ਦੱਖਣੀ ਕੰਨਿਆਕੁਮਾਰੀ ਜ਼ਿਲ੍ਹੇ ਦੇ ਨਗਰਕੋਇਲ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਇਹ ਚੋਣਾਂ ਵੀ ਇਹੀ ਚੀਜ਼ ਦਿਖਾਉਣਗੀਆਂ ਕਿ ਤਾਮਿਲ ਲੋਕਾਂ ਦਾ ਸੱਚਾ ਨੁਮਾਇੰਦਾ ਹੀ ਤਾਮਿਲ ਨਾਡੂ ਦਾ ਮੁੱਖ ਮੰਤਰੀ ਬਣ ਸਕਦਾ ਹੈ।’
ਰਾਹੁਲ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਝੁਕਣ ਵਾਲੇ ਤਾਮਿਲ ਨਾਡੂ ਦੇ ਮੁੱਖ ਮੰਤਰੀ (ਕੇ. ਪਲਾਨੀਸਵਾਮੀ) ਅਜਿਹਾ ਕਦੇ ਨਹੀਂ ਕਰ ਸਕਦੇ। ਮੁੱਖ ਮੰਤਰੀ ਨੂੰ ਸੂਬੇ ਦੇ ਲੋਕਾਂ ਅੱਗੇ ਝੁਕਣਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਆਰਐੱਸਐੱਸ ਅਤੇ ਮੋਦੀ ‘ਤਾਮਿਲ ਭਾਸ਼ਾ ਅਤੇ ਸੱਭਿਆਚਾਰ ਦੀ ਤੌਹੀਨ ਕਰਦੇ ਹਨ, ਇਸ ਕਰਕੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਇੱਥੇ ਪੈਰ ਨਾ ਜਮਾਉਣ ਦੇਣ। ਉਨ੍ਹਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਅਤੇ ਸੂਬੇ ਦੀ ਕੇ. ਪਲਾਨੀਸਵਾਮੀ ਸਰਕਾਰ ’ਤੇ ਤਾਮਿਲ ਭਾਸ਼ਾ ਅਤੇ ਸੱਭਿਆਚਾਰ ਦਾ ਸਨਮਾਨ ਨਾ ਕਰਨ ਦਾ ਦੋਸ਼ ਵੀ ਲਾਇਆ। -ਪੀਟੀਆਈ
‘ਕੀ ਤਾਮਿਲ ਭਾਰਤੀ ਭਾਸ਼ਾ ਨਹੀਂ ਹੈ’
ਰਾਹੁਲ ਨੇ ਕਿਹਾ, ‘ਮੋਦੀ ਇੱਕ ਸੱਭਿਆਚਾਰ, ਇੱਕ ਰਾਸ਼ਟਰ, ਇੱਕ ਇਤਿਹਾਸ ਅਤੇ ਇੱਕ ਨੇਤਾ ਦੀ ਗੱਲ ਕਰਦੇ ਹਨ। ਪਰ, ਕੀ ਤਾਮਿਲ ਭਾਰਤੀ ਭਾਸ਼ਾ ਨਹੀਂ ਹੈ? ਕੀ ਬੰਗਾਲੀ ਭਾਰਤੀ ਭਾਸ਼ਾ ਨਹੀਂ? ਕੀ ਤਾਮਿਲ ਸੱਭਿਆਚਾਰ, ਭਾਰਤੀ ਸੱਭਿਆਚਾਰ ਨਹੀਂ ਹੈ? ਇਨ੍ਹਾਂ ਚੋਣਾਂ ’ਚ ਇਹੀ ਲੜਾਈ ਲੜੀ ਜਾ ਰਹੀ ਹੈ। ਇਸ ਲਈ ਜਿਵੇੇਂ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਅਤੇ ਧਰਮਾਂ ਦੀ ਰੱਖਿਆ ਕਰਨਾ ਮੇਰਾ ਫਰਜ਼ ਹੈ, ਉਸੇ ਤਰ੍ਹਾਂ ਤਾਮਿਲ ਭਾਸ਼ਾ, ਸੱਭਿਆਚਾਰ ਅਤੇ ਇਤਿਹਾਸ ਦੀ ਰੱਖਿਆ ਕਰਨਾ ਵੀ ਮੇਰਾ ਫਰਜ਼ ਹੈ।’