ਮੁੰਬਈ, 8 ਅਪਰੈਲ
ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਭਾਜਪਾ ‘ਤੇ ਮੁੰਬਈ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਸ ਸਬੰਧੀ ਗ੍ਰਹਿ ਮੰਤਰਾਲੇ ਨੂੰ ਤਜਵੀਜ਼ ਦਿੱਤੀ ਗਈ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਕੇ. ਸੋਮਈਆ ਅਤੇ ਪਾਰਟੀ ਆਗੂਆਂ, ਬਿਲਡਰਾਂ, ਕਾਰੋਬਾਰੀਆਂ ਦਾ ਸਮੂਹ ਇਸ ਸਾਜ਼ਿਸ਼ ਦਾ ਹਿੱਸਾ ਹਨ। ਇਸ ਉਦੇਸ਼ ਦੀ ਪੂਰਤੀ ਲਈ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਫੰਡ ਇਕੱਠੇ ਕੀਤੇ ਜਾ ਰਹੇ ਹਨ। ਇਹ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਉਹ ਇਹ ਗੱਲ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਹੇ ਹਨ। ਇਸ ਨੂੰ ਸਾਬਤ ਕਰਨ ਲਈ ਉਨ੍ਹਾਂ ਕੋਲ ਸਬੂਤ ਹਨ। ਮੁੱਖ ਮੰਤਰੀ (ਊਧਵ ਠਾਕਰੇ) ਵੀ ਇਸ ਤੋਂ ਜਾਣੂ ਹਨ। ਅਗਲੇ ਕੁਝ ਮਹੀਨਿਆਂ ਵਿੱਚ ਸੋਮਈਆ ਦੀ ਅਗਵਾਈ ਵਾਲੇ ਸਮੂਹ ਵੱਲੋਂ ਅਦਾਲਤ ਵਿੱਚ ਜਾਣ ਦੀ ਸੰਭਾਵਨਾ ਹੈ ਕਿ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਮਰਾਠੀ ਲੋਕਾਂ ਦੀ ਆਬਾਦੀ ਘੱਟ ਗਈ ਹੈ ਅਤੇ ਇਸ ਲਈ ਸ਼ਹਿਰ ਨੂੰ ਕੇਂਦਰ ਸਰਕਾਰ ਦੇ ਸ਼ਾਸਨ ਅਧੀਨ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਜਾਣਾ ਚਾਹੀਦਾ ਹੈ।