ਕੋਲਕਾਤਾ, 21 ਮਾਰਚ
ਭਾਜਪਾ ਨੇ ਅੱਜ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਲਈ ਪਾਰਟੀ ਦਾ ਮੈਨੀਫੈਸਟੋ (ਮਨੋਰਥ ਪੱਤਰ) ਜਾਰੀ ਕਰ ਦਿੱਤਾ ਹੈ। ਇਸ ਵਿਚ ਰੁਜ਼ਗਾਰ, ਸਮਾਜਿਕ ਭਲਾਈ ਸਕੀਮਾਂ ਦੀ ਮਜ਼ਬੂਤੀ ਤੇ ਸੀਏਏ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ‘ਸੋਨਾਰ ਬਾਂਗਲਾ ਸੰਕਲਪ ਪੱਤਰ’ ਜਾਰੀ ਕੀਤਾ। ਇਸ ਵਿਚ ‘ਆਯੂਸ਼ਮਾਨ ਭਾਰਤ’ ਸਿਹਤ ਸੰਭਾਲ ਸਕੀਮ ਤੇ ਪੀਐਮ-ਕਿਸਾਨ ਸਕੀਮ ਨੂੰ ਰਾਜ ਵਿਚ ਪੂਰੀ ਤਰ੍ਹਾਂ ਲਾਗੂ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰ ਪਰਿਵਾਰ ਵਿਚ ਇਕ ਨੌਕਰੀ ਦੇਣ ਦਾ ਵਾਅਦਾ ਵੀ ਭਾਜਪਾ ਨੇ ਆਪਣੇ ਮੈਨੀਫੈਸਟੋ ਵਿਚ ਕੀਤਾ ਹੈ। ਰਾਜ ਦੀਆਂ ਸਰਕਾਰੀ ਨੌਕਰੀਆਂ ਵਿਚ ਔਰਤਾਂ ਨੂੰ 30 ਪ੍ਰਤੀਸ਼ਤ ਰਾਖ਼ਵਾਂਕਰਨ ਮਿਲੇਗਾ। ਭਾਜਪਾ ਨੇ ਸੱਤਾ ਵਿਚ ਆਉਣ ’ਤੇ ਪੀਐਮ-ਕਿਸਾਨ ਯੋਜਨਾ ਤਹਿਤ ਸੂਬੇ ਦੇ 75 ਲੱਖ ਕਿਸਾਨਾਂ ਨੂੰ ਨਗ਼ਦੀ ਲਾਭ ਦੇਣ ਦਾ ਵਾਅਦਾ ਕੀਤਾ ਹੈ। ਕਿਸਾਨਾਂ ਦੀ ਵਿੱਤੀ ਪੱਖ ਤੋਂ ਸੁਰੱਖਿਆ ਲਈ ਵੀ 5000 ਕਰੋੜ ਦੇ ਫੰਡ ਦਾ ਵਾਅਦਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਛੋਟੇ ਕਿਸਾਨਾਂ ਤੇ ਮਛੇਰਿਆਂ ਲਈ ਤਿੰਨ ਲੱਖ ਰੁਪਏ ਤੱਕ ਦੇ ਬੀਮੇ ਦਾ ਵਾਅਦਾ ਕੀਤਾ ਗਿਆ ਹੈ। -ਪੀਟੀਆਈ