ਰਾਮਨਗਰ (ਕਰਨਾਟਕ), 11 ਜਨਵਰੀ
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨੇ ਅੱਜ ਕਿਹਾ ਕਿ ਭਾਜਪਾ ਸਰਕਾਰ ਕਾਂਗਰਸ ਦੀ ‘ਪਦਯਾਤਰਾ’ ਤੋਂ ਡਰੀ ਹੋਈ ਹੈ। ਇਸ ਲਈ ਉਹ ਅੜਿੱਕੇ ਡਾਹੁਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਵੇਰੀ ਦਰਿਆ ’ਤੇ ਮੇਕੇਦਾਤੂ ਪ੍ਰਾਜੈਕਟ ਲਾਗੂ ਕਰਵਾਉਣ ਲਈ ਕਾਂਗਰਸ ਵੱਲੋਂ ‘ਪਦਯਾਤਰਾ’ ਸ਼ੁਰੂ ਕੀਤੀ ਗਈ ਹੈ, ਜੋ ਅੱਜ ਤੀਜੇ ਦਿਨ ਵਿੱਚ ਦਾਖ਼ਲ ਹੋ ਗਈ ਹੈ। ਬੁਖ਼ਾਰ ਠੀਕ ਹੋਣ ਮਗਰੋਂ ਵਿਰੋਧੀ ਧਿਰ ਦੇ ਆਗੂ ਸਿੱਧਾਰਮਈਆ ਨੇ ਇਸ ਯਾਤਰਾ ਵਿੱਚ ਹਿੱਸਾ ਲਿਆ।
ਉਨ੍ਹਾਂ ਭਾਜਪਾ ਸਰਕਾਰ ’ਤੇ ਗੁਆਂਢੀ ਸੂਬੇ ਤਾਮਿਲਨਾਡੂ ਨਾਲ ਮਿਲੀਭੁਗਤ ਕਰਨ, ਇਸ ਪ੍ਰਾਜੈਕਟ ਨੂੰ ਲਾਗੂ ਕਰਨ ਵਿੱਚ ਦੇਰੀ ਕਰਨ ਅਤੇ ਸੂਬੇ ਦੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ। ਕਰੋਨਾ ਨਿਯਮਾਂ ਦੀ ਪਾਲਣਾ ਸਬੰਧੀ ਆਦੇਸ਼ਾਂ ਦੀ ਉਲੰਘਣਾ ਕਰਦਿਆਂ ਪਦਯਾਤਰਾ ਵਿੱਚ ਹਿੱਸਾ ਲੈਣ ਦੇ ਮਾਮਲੇ ਵਿੱਚ ਸਿੱਧਾਰਮਈਆ, ਕਾਂਗਰਸ ਦੇ ਸੂਬਾ ਪ੍ਰਧਾਨ ਡੀਕੇ ਸ਼ਿਵਕੁਮਾਰ, ਸੰਸਦ ਮੈਂਬਰ ਡੀਕੇ ਸੁਰੇਸ਼, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਅਰਜੁਨ ਖੜਗੇ ਸਮੇਤ 40 ਕਾਂਗਰਸੀ ਆਗੂਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।
ਸਿੱਧਾਰਮਈਆ ਨੇ ਕਿਹਾ, ‘‘ਉਨ੍ਹਾਂ ਸਾਡੇ 40 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਅਤੇ ਹੋਰ ਕੇਸ ਵੀ ਦਰਜ ਹੋ ਸਕਦੇ ਹਨ। ਜੇ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਕੇਸ ਦਰਜ ਕਰਕੇ ਸਾਨੂੰ ਡਰਾ ਲੈਣਗੇ ਤਾਂ ਅਸੀਂ ਡਰਨ ਵਾਲੇ ਨਹੀਂ। ਅਸੀਂ ਕਹਿ ਸਕਦੇ ਹਾਂ ਕਿ ਭਾਜਪਾ ਸਰਕਾਰ ਮੂਰਖ ਸਰਕਾਰ ਹੈ। ਅਸੀਂ ਇਸ ਖ਼ਿਲਾਫ਼ ਕਾਨੂੰਨੀ ਲੜਾਈ ਲੜਾਂਗੇ।’’ ਉਨ੍ਹਾਂ ਕਿਹਾ ਕਿ ਅਜਿਹੇ ਕੇਸ ਭਾਜਪਾ ਆਗੂਆਂ ਖ਼ਿਲਾਫ਼ ਕਿਉਂ ਨਹੀਂ ਕੀਤੇ ਜਾਂਦੇ, ਜਿਨ੍ਹਾਂ ਨੇ ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਇਕੱਠ ਕੀਤਾ ਹੈ।
ਇਸ ਦੌਰਾਨ ਕਰਨਾਟਕ ਦੇ ਗ੍ਰਹਿ ਮੰਤਰੀ ਅਰਾਗ ਜਨੇਂਦਰ ਨੇ ਕਿਹਾ ਕਿ ਸਰਕਾਰ ਸਹੀ ਸਮੇਂ ’ਤੇ ਉਚਿਤ ਫ਼ੈਸਲਾ ਲਵੇਗੀ। -ਪੀਟੀਆਈ