ਹੈਦਰਾਬਾਦ, 1 ਨਵੰਬਰ
ਪੁਲੀਸ ਨੇ ਭਾਜਪਾ ਦੇ ਤਿਲੰਗਾਨਾ ’ਚ ਦੁਬੱਕ ਜ਼ਿਮਨੀ ਚੋਣ ਲੜ ਰਹੇ ਊਮੀਦਵਾਰ ਐੱਮ ਰਘੂਨੰਦਨ ਰਾਓ ਦੇ ਰਿਸ਼ਤੇਦਾਰ ਤੋਂ ਇਕ ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਹੈਦਰਾਬਾਦ ਪੁਲੀਸ ਕਮਿਸ਼ਨਰ ਅੰਜਨੀ ਕੁਮਾਰ ਨੇ ਕਿਹਾ ਕਿ ਇਹ ਪੈਸਾ ਵੋਟਰਾਂ ’ਚ ਵੰਡਣ ਲਈ ਲਿਜਾਇਆ ਜਾ ਰਿਹਾ ਸੀ। ਇਹ ਨਕਦੀ ਰਘੂਨੰਦਨ ਰਾਓ ਦੇ ਰਿਸ਼ਤੇਦਾਰ ਸੁਰਭੀ ਸ੍ਰੀਨਿਵਾਸ ਰਾਓ ਦੀ ਕਾਰ ’ਚੋਂ ਬੇਗਮਪੇਟ ਫਲਾਈਓਵਰ ਨੇੜਿਊਂ ਬਰਾਮਦ ਹੋਈ। ਸ੍ਰੀਨਿਵਾਸ ਨੇ ਪੁਲੀਸ ਨੂੰ ਦੱਸਿਆ ਕਿ ਇਹ ਪੈਸਾ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਆਗੂ ਜੀ ਵਿਵੇਕ ਦੀ ਕੰਪਨੀ ਵਿਸ਼ਾਖਾ ਇੰਡਸਟਰੀਜ਼ ਦੇ ਮੈਨੇਜਰ ਨੇ ਊਨ੍ਹਾਂ ਨੂੰ ਦਿੱਤਾ ਸੀ। ਪੁਲੀਸ ਨੇ ਸ੍ਰੀਨਿਵਾਸ ਅਤੇ ਕਾਰ ਡਰਾਈਵਰ ਰਵੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਛੇ ਦਿਨ ਪਹਿਲਾਂ ਸਿੱਧੀਪੇਟ ’ਚ ਭਾਜਪਾ ਊਮੀਦਵਾਰ ਦੇ ਰਿਸ਼ਤੇਦਾਰ ਦੇ ਘਰੋਂ 18.67 ਲੱਖ ਰੁਪਏ ਦੀ ਨਕਦੀ ਫੜੀ ਗਈ ਸੀ। -ਆਈਏਐਨਐਸ