ਲੋਹਾਰਦਾਗਾ/ਸਿਮਦੇਗਾ, 8 ਨਵੰਬਰ
ਕਾਂਗਰਸ ਆਗੂ ਰਾਾਹੁਲ ਗਾਂਧੀ ਨੇ ਅੱਜ ਭਾਜਪਾ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਸ ਨੇ ਮਨੀਪੁਰ ਨੂੰ ਅੱਗ ’ਚ ਧੱਕ ਦਿੱਤਾ ਅਤੇ ਦੇਸ਼ ’ਚ ਲੋਕਾਂ ਨੂੰ ਧਰਮ ਦੇ ਆਧਾਰ ’ਤੇ ਵੰਡਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਰਾਹੁਲ ਨੇ ਇਹ ਵੀ ਦੋਸ਼ ਲਾਇਆ ਕਿ ਭਗਵਾ ਪਾਰਟੀ ਨੇ ਦੇਸ਼ ਦੀ 90 ਫ਼ੀਸਦ ਆਬਾਦੀ ਨੂੰ ਉਨ੍ਹਾਂ ਦੇ ਹੱਕਾਂ ਅਤੇ ਲਾਭਾਂ ਤੋਂ ਵਾਂਝੇ ਕੀਤਾ ਹੋਇਆ ਹੈ। ਲੋਹਾਰਦਾਗਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, ‘‘ਭਾਜਪਾ ਨੇ ਮਨੀਪੁਰ ਨੂੰ ਸਾੜ ਦਿੱਤਾ ਅਤੇ ਲੋਕਾਂ ਨੂੰ ਧਰਮ ਦੇ ਆਧਾਰ ’ਤੇ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ। ਉਸ ਨੇ ਹਿੰਦੂਆਂ, ਮੁਸਲਮਾਨਾਂ, ਈਸਾਈਆਂ ਅਤੇ ਸਿੱਖਾਂ ਨੂੰ ਇਕ-ਦੂਜੇ ਖ਼ਿਲਾਫ਼ ਭੜਕਾਇਆ। ਹਰਿਆਣਾ ’ਚ ਹੁਣੇ ਹੋਈਆਂ ਚੋਣਾਂ ਦੌਰਾਨ ਭਾਜਪਾ ਨੇ ਜਾਟਾਂ ਖ਼ਿਲਾਫ਼ ਗ਼ੈਰ-ਜਾਟਾਂ ਨੂੰ ਭੜਕਾਇਆ। ਇਹ ਭਾਜਪਾ ਦਾ ਚਰਿੱਤਰ ਹੈ।’’ ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਝਾਰਖੰਡ ਦੇ ਕਿਸਾਨਾਂ ਦਾ ਕੋਈ ਕਰਜ਼ਾ ਮੁਆਫ਼ ਨਹੀਂ ਕੀਤਾ ਕਿਉਂਕਿ ਉਹ ਆਦਿਵਾਸੀ, ਦਲਿਤ ਅਤੇ ਓਬੀਸੀਜ਼ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਿਰਫ਼ ਪੂੰਜੀਪਤੀਆਂ ਦੇ ਕਰਜ਼ੇ ਹੀ ਮੁਆਫ਼ ਕਰੇਗੀ। ਸਿਮਦੇਗਾ ’ਚ ਇਕ ਹੋਰ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਭਾਜਪਾ ’ਤੇ ਆਦਿਵਾਸੀਆਂ ਦੇ ‘ਜਲ, ਜੰਗਲ ਅਤੇ ਜ਼ਮੀਨ’ ਖੋਹਣ ਦੀ ਕੋਸ਼ਿਸ਼ ਦਾ ਦੋਸ਼ ਲਾਇਆ। ਉਨ੍ਹਾਂ ਝਾਰਖੰਡ ਵਿਧਾਨ ਸਭਾ ਚੋਣਾਂ ਨੂੰ ‘ਇੰਡੀਆ’ ਗੱਠਜੋੜ ਤੇ ਭਾਜਪਾ-ਸੰਘ ਦੀ ਵਿਚਾਰਧਾਰਾ ਵਿਚਕਾਰ ਜੰਗ ਕਰਾਰ ਦਿੱਤਾ ਅਤੇ ਕਿਹਾ ਕਿ ਸੰਘ-ਭਾਜਪਾ ਦਾ ਮਿਸ਼ਨ ਸੰਵਿਧਾਨ ਨੂੰ ਤਬਾਹ ਕਰਨਾ ਹੈ। -ਪੀਟੀਆਈ