ਲਖ਼ਨਊ, 23 ਨਵੰਬਰ
ਉੱਤਰ ਪ੍ਰਦੇਸ਼ ਸਰਕਾਰ ਵੱਲੋਂ ‘ਲਵ ਜਹਾਦ’ ਖ਼ਿਲਾਫ਼ ਲਿਆਂਦੇ ਜਾ ਰਹੇ ਕਾਨੂੰਨ ਦੇ ਸੰਦਰਭ ਵਿਚ ਉਰਦੂ ਕਵੀ ਮੁਨੱਵਰ ਰਾਣਾ ਨੇ ਭਾਜਪਾ ਹਕੂਮਤ ’ਤੇ ਵਿਅੰਗ ਕਸਿਆ ਹੈ। ਰਾਣਾ ਨੇ ਕਿਹਾ ਕਿ ਨਵਾਂ ਕਾਨੂੰਨ ਪਹਿਲਾਂ ਤਾਂ ਭਾਜਪਾ ਆਗੂਆਂ ਖ਼ਿਲਾਫ਼ ਹੀ ਵਰਤਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਆਪਣੇ ਧਰਮ ਤੋਂ ਬਾਹਰ ਵਿਆਹ ਕਰਵਾਇਆ ਹੋਇਆ ਹੈ। ਹਿੰਦੀ ਵਿਚ ਟਵੀਟ ਕਰਦਿਆਂ ਰਾਣਾ ਨੇ ਕਿਹਾ ‘ਅਸੀਂ ਲਵ ਜਹਾਦ ਖ਼ਿਲਾਫ਼ ਲਿਆਂਦੇ ਜਾ ਰਹੇ ਕਾਨੂੰਨ ਦੀ ਹਮਾਇਤ ਕਰਾਂਗੇ, ਪਰ ਸ਼ਰਤ ਇਹ ਹੈ ਕਿ ਪਹਿਲਾਂ ਕੇਂਦਰ ਸਰਕਾਰ ਵਿਚ ਬੈਠੇ ਦੋ ਵੱਡੇ ਪ੍ਰੇਮ ਜਹਾਦੀਆਂ ਖ਼ਿਲਾਫ਼ ਇਸ ਨੂੰ ਲਾਗੂ ਕੀਤਾ ਜਾਵੇ ਤਾਂ ਕਿ ਬਾਅਦ ਵਿਚ ਦੋ ਮੁਸਲਿਮ ਲੜਕੀਆਂ ਦਾ ਨਿਕਾਹ ਇਨ੍ਹਾਂ ਨਾਲ ਹੋ ਸਕੇ, ਤੇ ਜਿਨ੍ਹਾਂ ਵੀ ਭਾਜਪਾ ਆਗੂਆਂ ਜਾਂ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਨੇ ਗ਼ੈਰ-ਧਰਮ ਵਿਚ ਵਿਆਹ ਕਰਵਾਇਆ ਹੈ, ਉਨ੍ਹਾਂ ਉਤੇ ਵੀ ਕਾਰਵਾਈ ਹੋਵੇ।’ ਇਕ ਹੋਰ ਟਵੀਟ ਵਿਚ ਉਨ੍ਹਾਂ ਕਿਹਾ ‘ਹਾਲਾਂਕਿ ਲਵ ਜਹਾਦ ਸਿਰਫ਼ ਇਕ ਜੁਮਲਾ ਹੈ ਜਿਸ ਨੂੰ ਸਮਾਜ ਵਿਚ ਨਫ਼ਰਤ ਫੈਲਾਉਣ ਦੇ ਮਕਸਦ ਨਾਲ ਲਿਆਂਦਾ ਗਿਆ ਹੈ। ਮੁਸਲਿਮ ਲੜਕੀਆਂ ਨੂੰ ਹੀ ਇਸ ਦਾ ਸੇਕ ਸਭ ਤੋਂ ਵੱਧ ਲੱਗਦਾ ਹੈ ਕਿਉਂਕਿ ਲੜਕੇ ਮਗਰੋਂ ਕਿਤੇ ਹੋਰ ਵਿਆਹ ਕਰਵਾ ਲੈਂਦੇ ਹਨ।’ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਮਹੀਨੇ ਰਾਣਾ ਨੇ ਆਪਣੀਆਂ ਟਿੱਪਣੀਆਂ ਨਾਲ ਵਿਵਾਦ ਖੜ੍ਹਾ ਕਰ ਦਿੱਤਾ ਸੀ। ਉਨ੍ਹਾਂ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦਾ ਕਾਰਟੂਨ ਬਣਾਉਣ ਦੇ ਮਾਮਲੇ ਵਿਚ ਫਰਾਂਸ ’ਚ ਹੋਈਆਂ ਹੱਤਿਆਵਾਂ ਨੂੰ ਜਾਇਜ਼ ਠਹਿਰਾਇਆ ਸੀ। ਇਸ ਮਾਮਲੇ ਵਿਚ ਰਾਣਾ ’ਤੇ ਐਫਆਈਆਰ ਵੀ ਦਰਜ ਕੀਤੀ ਗਈ ਹੈ। -ਪੀਟੀਆਈ