ਬਲੀਆ, 27 ਜੁਲਾਈ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਤੇ ਪਾਰਟੀ ਦੀ ਯੂਪੀ ਇਕਾਈ ਦੇ ਇੰਚਾਰਜ ਸੰਜੈ ਸਿੰਘ ਨੇ ਅੱਜ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਅੰਨਦਾਤਾ ਕਿਸਾਨਾਂ ਬਾਰੇ ਭੱਦੀ ਸ਼ਬਦਾਵਲੀ ਨਾ ਵਰਤੇ। ਜ਼ਿਕਰਯੋਗ ਹੈ ਕਿ ਭਾਜਪਾ ਦੀ ਮੰਤਰੀ ਮੀਨਾਕਸ਼ੀ ਲੇਖੀ ਨੇ ਦਿੱਲੀ ਵਿਚ ਧਰਨੇ ’ਤੇ ਬੈਠੇ ਮੁਜ਼ਾਹਰਾਕਾਰੀ ਕਿਸਾਨਾਂ ਨੂੰ ‘ਮਵਾਲੀ’ ਕਹਿ ਕੇ ਸੰਬੋਧਨ ਕੀਤਾ ਸੀ। ਸੰਜੈ ਸਿੰਘ ਨੇ ਕਿਹਾ ਕਿ ਜਿਹੜੇ ਸਾਰਿਆਂ ਨੂੰ ਖਾਣ ਲਈ ਦਿੰਦੇ ਹਨ, ਉਨ੍ਹਾਂ ਲਈ ਅਜਿਹੀ ਭਾਸ਼ਾ ਨਹੀਂ ਵਰਤਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੁਲਕ ਦਾ ਕਿਸਾਨ ਪਿਛਲੇ 8 ਮਹੀਨਿਆਂ ਤੋਂ ਸੜਕਾਂ ਉਤੇ ਹੈ। 500 ਤੋਂ ਵੱਧ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ ਤੇ ਸਰਕਾਰ ਦੀ ਇਕ ਮੰਤਰੀ ਇਨ੍ਹਾਂ ਨੂੰ ‘ਮਵਾਲੀ’ ਕਹਿ ਰਹੀ ਹੈ। ਸੰਜੈ ਨੇ ਕਿਹਾ ਕਿ ‘ਭਾਰਤੀ ਬਵਾਲੀ ਪਾਰਟੀ’ ਦੇ ਮੈਂਬਰਾਂ ਨੂੰ ਅੰਨਦਾਤਾ ‘ਮਵਾਲੀ’ ਲੱਗਦਾ ਹੈ। ‘ਆਪ’ ਆਗੂ ਨੇ ਕਿਹਾ ‘ਮੈਂ ਮੋਦੀ ਜੀ, ਯੋਗੀ ਜੀ ਤੇ ਉਨ੍ਹਾਂ ਦੇ ਮੰਤਰੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕੁੱਤੇ ਵੀ ਉਨ੍ਹਾਂ ਪ੍ਰਤੀ ਵਫ਼ਾਦਾਰ ਹੁੰਦੇ ਹਨ ਜਿਹੜੇ ਉਨ੍ਹਾਂ ਨੂੰ ਖਾਣ ਲਈ ਦਿੰਦੇ ਹਨ। ਇਸ ਤਰ੍ਹਾਂ ਦੀ ਭਾਸ਼ਾ ਅੰਨਦਾਤਾ ਬਾਰੇ ਨਹੀਂ ਵਰਤਣੀ ਚਾਹੀਦੀ ਜੋ ਖਾਣ ਲਈ ਭੋਜਨ ਦਿੰਦੇ ਹਨ।’ ‘ਆਪ’ ਆਗੂ ਨੇ ਨਾਲ ਹੀ ਦੋਸ਼ ਲਾਇਆ ਹੈ ਕਿ ਭਾਜਪਾ ਨੇ ਉੱਤਰ ਪ੍ਰਦੇਸ਼ ਵਿਚ ਪੱਛੜੇ ਵਰਗਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਕੀਤੇ ਗਏ ‘ਅਤਿਆਚਾਰ’ ਕਾਰਨ ਇਸ ਵਰਗ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਬਲੀਆ ਜ਼ਿਲ੍ਹੇ ਵਿਚ ਆਪਣੀ ਪਾਰਟੀ ਵੱਲੋਂ ਸਮਾਜ ਦੇ ਪੱਛੜੇ ਵਰਗਾਂ ਲਈ ਰੱਖੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸੰਜੈ ਸਿੰਘ ਨੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਸੰਵਿਧਾਨ ਮੁਤਾਬਕ ਚੱਲੇਗਾ ‘ਤਾਨਾਸ਼ਾਹੀ ਨਾਲ ਨਹੀਂ।’ ਯੋਗੀ ਉਤੇ ਵਿਅੰਗ ਕਸਦਿਆਂ ‘ਆਪ’ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਹਰ ਦੂਜੇ ਦਿਨ ਜਾਇਦਾਦ ਜ਼ਬਤ ਕਰਨ ਦੀਆਂ ਧਮਕੀਆਂ ਦਿੰਦੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਪਿਛਲੇ ਹਫ਼ਤੇ ਇਕ ਟਵੀਟ ਕਰ ਕੇ ਕਿਹਾ ਸੀ ਕਿ ‘ਅੱਜ ਕੋਈ ਵੀ ਗਲਤ ਗਤੀਵਿਧੀਆਂ ’ਚ ਸ਼ਾਮਲ ਨਹੀਂ ਹੋ ਸਕਦਾ। ਜਿਹੜੇ ਆਪਣੀ ਜਾਇਦਾਦ ਜ਼ਬਤ ਕਰਵਾਉਣਾ ਚਾਹੁੰਦੇ ਹਨ, ਉਹ ਹੀ ਅਜਿਹੇ ਕੰਮ ਕਰਨਗੇ।’ -ਪੀਟੀਆਈ