ਮੁੰਬਈ, 8 ਜੁਲਾਈ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਿਸ਼ਾਨਾ ਸੇੇਧਦਿਆਂ ਕਿਹਾ ਕਿ ਉਸ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿੱਚ ਵਜ਼ਾਰਤੀ ਅਹੁਦੇ ਭਰਨ ਲਈ ‘ਮਨੁੱਖੀ ਸਰੋਤ’ ਮੁਹੱਈਆ ਕਰਵਾਉਣ ਵਾਲੀ ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨੀਸੀਪੀ) ਦਾ ਧੰਨਵਾਦ ਕਰਨਾ ਚਾਹੀਦਾ ਹੈ। ਰਾਊਤ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੇਂਦਰੀ ਪੰਚਾਇਤ ਰਾਜ ਮੰਤਰੀ ਕਪਿਲ ਪਾਟਿਲ ਅਤੇ ਸਿਹਤ ਰਾਜ ਮੰਤਰੀ ਭਾਰਤੀ ਪਵਾਰ ਪਹਿਲਾਂ ਐੱਨਸੀਪੀ ਵਿੱਚ ਸਨ। ਜਦਕਿ ਬਹੁਤ ਛੋਟੇ, ਛੋਟੇ ਅਤੇ ਦਰਮਿਆਨੇ ਉਦਯੋਗ (ਐੱਮਐੱਸਐੱਸਈ) ਮੰਤਰੀ ਨਰਾਇਣ ਰਾਣੇ ਪਹਿਲਾਂ ਸ਼ਿਵ ਸੈਨਾ ਵਿੱਚ ਸਨ, ਜੋ ਫਿਰ ਕਾਂਗਰਸ ਵਿੱਚ ਵੀ ਰਹੇ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਮਹਾਰਾਸ਼ਟਰ ਨਾਲ ਸਬੰਧਤ ਹਲਫ਼ ਲੈਣ ਵਾਲੇ ਚਾਰ ਮੰਤਰੀਆਂ ਵਿੱਚੋਂ ਤਿੰਨਾਂ ਦਾ ਪਿਛੋਕੜ ਭਾਜਪਾ ਨਾਲ ਜੁੜਿਆ ਹੋਇਆ ਨਹੀਂ ਹੈ।
ਰਾਊਤ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਰੂਰ ਉਨ੍ਹਾਂ ਵਿੱਚ ਕੁਝ ਖਾਸ ਨਜ਼ਰ ਆਇਆ ਹੋਵੇਗਾ, ਜੋ ਉਨ੍ਹਾਂ ਨੂੰ ਅਹਿਮ ਮੰਤਰਾਲੇ ਦਿੱਤੇ ਗਏ ਹਨ। ਭਾਜਪਾ ਨੂੰ ਸ਼ਿਵ ਸੈਨਾ ਅਤੇ ਐੱਨਸੀਪੀ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਵਜ਼ਾਰਤ ਵਿੱਚ ਸ਼ਾਮਲ ਕਰਨ ਲਈ ਚੰਗੇ ਮਨੁੱਖੀ ਸਰੋਤ ਮੁਹੱਈਆ ਕਰਵਾਏ।’
ਸ਼ਿਵ ਸੈਨਾ ਨੇਤਾ ਨੇ ਦਾਅਵਾ ਕੀਤਾ ਕਿ ਰਾਣੇ ਨੂੰ ਜੋ ਮੰਤਰਾਲਾ ਦਿੱਤਾ ਗਿਆ ਹੈ ਉਨ੍ਹਾਂ ਦਾ ਕੱਦ ਉਸ ਤੋਂ ਕਿਤੇ ਜ਼ਿਆਦਾ ਹੈ। ਰਾਊਤ ਨੇ ਕਿਹਾ, ‘ਰਾਣੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਅਹਿਮ ਮੰਤਰਾਲਿਆਂ ਦੀ ਵਾਗਡੋਰ ਉਨ੍ਹਾਂ ਦੇ ਹੱਥ ਰਹੀ ਹੈ। ਐੱਮਐੱਸਐੱਸਈ ਮੰਤਰਾਲੇ ’ਚ ਉਨ੍ਹਾਂ ਸਾਹਮਣੇ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਸੁਰਜੀਤ ਕਰਨ ਦੀ ਚੁਣੌਤੀ ਹੋਵੇਗੀ, ਜੋ ਕਰੋਨਾ ਮਹਾਮਾਰੀ ਕਾਰਨ ਬੁਰੀ ਤਰ੍ਹਾਂ ਅਸਰਅੰਦਾਜ਼ ਹੋਏ ਹਨ। ਉਨ੍ਹਾਂ ਸਾਹਮਣੇ ਰੁਜ਼ਗਾਰ ਪੈਦਾ ਕਰਨ ਦੀ ਵੀ ਚੁਣੌਤੀ ਹੋਵੇਗੀ।’ ਉਨ੍ਹਾਂ ਨੇ ਭਾਜਪਾ ਨੇਤਾ ਪ੍ਰਕਾਸ਼ ਜਾਵੜੇਕਰ ਨੂੰ ਵਜ਼ਾਰਤ ’ਚੋਂ ਹਟਾਉਣ ’ਤੇ ਨਿਰਾਸ਼ਾ ਵੀ ਜ਼ਾਹਿਰ ਕੀਤੀ। -ਪੀਟੀਆਈ