ਭੋਪਾਲ, 21 ਸਤੰਬਰ
ਮੱਧ ਪ੍ਰਦੇਸ਼ ਦੇ ਇੱਕ ਕਾਂਗਰਸੀ ਨੇਤਾ ਦੀ ਬ੍ਰਾਹਮਣ ਭਾਈਚਾਰੇ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀਆਂ ਨੇ ਵਿਵਾਦ ਪੈਦਾ ਕਰ ਦਿੱਤਾ ਹੈ। ਭਾਜਪਾ ਨੇ ਧਮਕੀ ਨੇ ਦਿੱਤੀ ਕਿ ਜੇਕਰ ਨੇਤਾ ਨੂੰ ਪਾਰਟੀ ਵਿੱਚੋਂ ਨਾ ਕੱਢਿਆ ਗਿਆ ਤਾਂ ਰਾਹੁਲ ਗਾਂਧੀ ਦੀ ਚੱਲ ਰਹੀ ‘ਭਾਰਤ ਜੋੜੋ ਯਾਤਰਾ’ ਨੂੰ ਰਾਜ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਹਾਲਾਂਕਿ ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਡੀਆ ਸੈੱਲ ਦੇ ਚੇਅਰਮੈਨ ਕੇ.ਕੇ. ਮਿਸ਼ਰਾ (ਜਿਨ੍ਹਾਂ ’ਤੇ ਕਥਿਤ ਇਤਰਾਜ਼ਯੋਗ ਟਿੱਪਣੀਆਂ ਦਾ ਦੋਸ਼ ਲਾਇਆ ਜਾ ਰਿਹਾ ਹੈ) ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਸੱਤਾਧਾਰੀ ਪਾਰਟੀ ਦੁਆਰਾ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਕਿਉਂਕਿ ਉਹ ਦੇਸ਼ ਭਰ ਵਿੱਚ ਰਾਹੁਲ ਗਾਂਧੀ ਦੀ ਜਨ ਸੰਪਰਕ ਮੁਹਿੰਮ ਨੂੰ ਮਿਲ ਰਹੇ ਵੱਡੇ ਹੁੰਗਾਰੇ ਤੋਂ ਪ੍ਰੇਸ਼ਾਨ ਹਨ। ਭਾਜਪਾ ਵਰਕਰਾਂ ਨੇ ਮੰਗਲਵਾਰ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਕੇ.ਕੇ. ਮਿਸ਼ਰਾ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕਰਨ ਦੀ ਮੰਗ ਕੀਤੀ। -ਪੀਟੀਆਈ