ਨਵੀਂ ਦਿੱਲੀ, 8 ਮਈ
ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਲਈ ਭਾਜਪਾ ਕਿਸੇ ਹੋਰ ਪੱਛੜੇ ਵਰਗ (ਓਬੀਸੀ) ਨਾਲ ਸਬੰਧਤ ਉਮੀਦਵਾਰ ਨੂੰ ਨਾਮਜ਼ਦ ਕਰ ਸਕਦੀ ਹੈ ਜਾਂ ਫਿਰ ਕਿਸੇ ਮਹਿਲਾ ਉਮੀਦਵਾਰ ਬਣਾ ਸਕਦੀ ਹੈ, ਕਿਉਂਕਿ ਦੇਸ਼ ਇਹ ਦੋਵੇਂ ਵੱਡੇ ਵੋਟ ਬੈਂਕ ਹਨ ਤੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਓਬੀਸੀ ਅਤੇ ਔਰਤਾਂ ਦੀ ਅਹਿਮ ਭੂਮਿਕਾ ਹੋਵੇਗੀ। ਇਨ੍ਹਾਂ ਤੋਂ ਇਲਾਵਾ ਅਨੁਸੂਚਿਤ ਜਨਜਾਤੀ (ਐੱਸਟੀ), ਅਨੁਸੂਚਿਤ ਜਾਤੀ (ਐੱਸਸੀ) ਜਾਂ ਦੱਖਣੀ ਭਾਰਤ ਤੋਂ ਉਮੀਦਵਾਰ ਉਤਾਰਨ ਵਰਗੇ ਵਿਚਾਰ ਵੀ ਚੱਲ ਰਹੇ ਹਨ। ਇਕ ਗੱਲ ਸਪਸ਼ਟ ਹੈ ਕਿ ਐੱਨਡੀਏ ਦੀ ਅਗਵਾਈ ਕਰਨ ਵਾਲੀ ਭਾਜਪਾ ਸਾਲ 2024 ਦੀਆਂ ਚੋਣਾਂ ਦੇ ਮੱਦੇਨਜ਼ਰ ਰਾਸ਼ਟਰਪਤੀ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰੇਗੀ। ਰਾਜਨੀਤਿਕ ਪਾਰਟੀਆਂ ਨੂੰ ਪਤਾ ਹੈ ਕਿ ਓਬੀਸੀ ਦੇਸ਼ ਦੀ ਕੁੱਲ ਆਬਾਦੀ ਦਾ 40 ਪ੍ਰਤੀਸ਼ਤ ਤੋਂ ਵੱਧ ਹੈ, ਜਦੋਂ ਕਿ ਔਰਤਾਂ ਭਾਰਤ ਦੀ ਕਰੀਬ ਅੱਧੀ ਆਬਾਦੀ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਮੌਕਿਆਂ ‘ਤੇ ਕਿਹਾ ਹੈ ਕਿ ਔਰਤਾਂ ਭਾਜਪਾ ਦਾ ਨਵਾਂ ਵੋਟ ਬੈਂਕ ਹਨ। ਭਾਜਪਾ ਸੂਤਰਾਂ ਨੇ ਕਿਹਾ ਕਿ ਪਾਰਟੀ ਰਾਸ਼ਟਰਪਤੀ ਦੇ ਅਹੁਦੇ ਲਈ ਕਿਸੇ ਓਬੀਸੀ ਜਾਂ ਔਰਤ ਨੂੰ ਨਾਮਜ਼ਦ ਕਰ ਸਕਦੀ ਹੈ ਜਾਂ ਕਿਸੇ ਮਹਿਲਾ ਓਬੀਸੀ ਉਮੀਦਵਾਰ ਨੂੰ ਚੁਣ ਸਕਦੀ ਹੈ।