ਸ਼ਿਮਲਾ, 13 ਮਈ
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਨੂੰ ‘ਵਿਸ਼ਵ ਗੁਰੂ’ ਬਣਾਉਣ ਪ੍ਰਤੀ ਵਚਨਬੱਧ ਹਨ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿਚ ‘ਸੰਮਾਨ ਸਮਾਰੋਹ’ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਿਚ ਕਰੋਨਾਵਾਇਰਸ ਦਾ ਟੀਕਾ ਨੌਂ ਮਹੀਨਿਆਂ ਵਿਚ ਬਣਿਆ ਜੋ ਕਿ ਇਕ ਪ੍ਰਾਪਤੀ ਹੈ। ਨੱਢਾ ਨੇ ਇਸ ਮੌਕੇ ਭਾਜਪਾ ਸਰਕਾਰ ਦੀਆਂ ਹੋਰ ਕਈ ਪ੍ਰਾਪਤੀਆਂ ਗਿਣਾਈਆਂ। ਭਾਜਪਾ ਪ੍ਰਧਾਨ ਨੇ ਕਿਹਾ ਕਿ ਲੋਕਾਂ ਦਾ ਉਤਸ਼ਾਹ ਦੱਸਦਾ ਹੈ ਪਾਰਟੀ ਮੁੜ ਹਿਮਾਚਲ ਵਿਚ ਜੈ ਰਾਮ ਠਾਕੁਰ ਦੀ ਅਗਵਾਈ ’ਚ ਸਰਕਾਰ ਬਣਾਏਗੀ। ਨੱਢਾ ਨੇ ਕਿਹਾ ਕਿ ਪੂਰੇ ਭਾਰਤ ਵਿਚ ਹੁਣ ਤੱਕ 190 ਕਰੋੜ ਵੈਕਸੀਨ ਡੋਜ਼ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਟੀਕਾਕਰਨ ਮੁਹਿੰਮ ਸਫ਼ਲਤਾ ਨਾਲ ਚਲਾਉਣ ਲਈ ਹਿਮਾਚਲ ਸਰਕਾਰ ਦੀ ਸ਼ਲਾਘਾ ਕੀਤੀ। ਭਾਜਪਾ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਹਾਮਾਰੀ ਦੌਰਾਨ ਦੇਸ਼ ਦੇ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਹੈ। ਨੱਢਾ ਨੇ ਕਿਹਾ ਕਿ ਹਿਮਾਚਲ ਦੇ 9.37 ਲੱਖ ਤੋਂ ਵੱਧ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਤਹਿਤ ਮਦਦ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਅਗਵਾਈ ਵਿਚ ਹਿਮਾਚਲ ’ਚ ਤੇਜ਼ੀ ਨਾਲ ਵਿਕਾਸ ਕਾਰਜ ਹੋਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਜੋ ਵਾਅਦਾ ਕਰਦੀ ਹੈ, ਪੂਰਾ ਕਰਦੀ ਹੈ। -ਪੀਟੀਆਈ