ਜੋਗੀਰੋਡ/ਕਮਾਲਪੁਰ (ਅਸਾਮ), 26 ਮਾਰਚ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਜੇਕਰ ਭਾਜਪਾ ਅਸਾਮ ’ਚ ਸੱਤਾ ਹਾਸਲ ਕਰਦੀ ਹੈ ਤਾਂ ਉਹ ‘ਲਵ ਅਤੇ ਜਹਾਦ’ ਦੇ ਖ਼ਤਰੇ ਨੂੰ ਕਾਬੂ ਕਰਨ ਲਈ ਕਾਨੂੰਨ ਬਣਾਏਗੀ। ਉਨ੍ਹਾਂ ਨੇ ਕਾਂਗਰਸ-ਏਆਈਯੂਡੀਐੱਫ ਦੇ ਗੱਠਜੋੜ ’ਤੇ ਘੁਸਪੈਠ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਵੀ ਲਾਇਆ, ਜਿਸ ਨਾਲ ਸੂਬੇ ’ਚ ਜਨਸੰਖਿਆ ਦੇ ਮੁਹਾਂਦਰੇ ’ਚ ਤਬਦੀਲੀ ਦਾ ਖ਼ਤਰਾ ਪੈਦਾ ਹੋ ਰਿਹਾ ਹੈ।
ਸ਼ਾਹ ਨੇ ਇੱਥੇ ਇੱਕ ਚੋਣ ਰੈਲੀ ਦੌਰਾਨ ਕਿਹਾ ਕਿ ਅਸਾਮ ਦੇ ਸੱਭਿਆਚਾਰ ਅਤੇ ਸੱਭਿਅਤਾ ਨੂੰ ਮਜ਼ਬੂਤ ਬਣਾਉਣ ਲਈ ਢੁੱਕਵੇਂ ਕਾਨੂੰਨ ਅਤੇ ਨੀਤੀਆਂ ਤਿਆਰ ਕੀਤੀਆਂ ਜਾਣਗੀਆਂ। ਭਾਜਪਾ ਵੱਲੋਂ ਚੋਣ ਮਨੋਰਥ ਪੱਤਰ ’ਚ ਇਹ ਵਾਅਦਾ ਵੀ ਕੀਤਾ ਗਿਆ ਹੈ ਕਿ ਫਿਰਕੂ ਬਾਈਕਾਟ ਅਤੇ ਵੱਖਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਸੰਗਠਨਾਂ ਅਤੇ ਵਿਅਕਤੀਆਂ ਦੀ ਪਛਾਣ ਅਤੇ ਉਨ੍ਹਾਂ ਨੂੰ ਖਤਮ ਕਰਨ ਲਈ ਇੱਕ ਨੀਤੀ ਬਣਾਈ ਜਾਵੇਗੀ। ਸ਼ਾਹ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦੀ ਪੁਸ਼ਤਪਨਾਹੀ ’ਚ ਏਆਈਯੂਡੀਐੱਫ ਮੁਖੀ ਤੇ ਸੰਸਦ ਮੈਂਬਰ ਬਦਰੂਦੀਨ ਅਜਮਲ ਦੀ ਹਮਾਇਤ ਨਾਲ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਨਾਲ-ਨਾਲ ‘ਸਤਰਾ’ (ਵੈਸ਼ਨਵ ਮੱਠਾਂ) ਤੇ ਹੋਰ ਧਾਰਮਿਕ ਸਥਾਨਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕੀਤੇ ਗਏ।’ ਉਨ੍ਹਾਂ ਕਿਹਾ, ‘ਜ਼ਮੀਨ ਜਹਾਦ’ ਨੂੰ ਵੀ ਜ਼ਰੂਰ ਰੋਕਿਆ ਜਾਣਾ ਚਾਹੀਦਾ ਹੈ।’
ਸ੍ਰੀ ਸ਼ਾਹ ਨੇ ਕਿਹਾ, ‘ਅਸਾਮ ਦੀ ਪਛਾਣ ਤੇ ਸੱਭਿਆਚਾਰ ਨੂੰ ਬਦਲਣ ਲਈ ਘੁਸਪੈਠ ਕਰਨ ਵਾਲਿਆਂ ’ਚ ਬਦਰੂਦੀਨ ਅਜਮਲ ਵੀ ਸ਼ਾਮਲ ਸੀ। ਉਹ ਕਾਂਗਰਸ ਦੀ ਪਛਾਣ ਹੋ ਸਕਦਾ ਹੈ ਪਰ ਅਸਾਮ ਦੀ ਨਹੀਂ। ਭਾਜਪਾ ਦੇ ਹੱਕ ’ਚ ਹੋਰ ਪੰਜ ਸਾਲਾਂ ਫ਼ਤਵਾ ਦਿਓ ਅਤੇ ਅਸੀਂ ਜ਼ਮੀਨ ਜਹਾਦ ਖਤਮ ਕਰ ਦੇਵਾਂਗੇ।’ ਸ਼ਾਹ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਏਆਈਯੂਡੀਐੱਫ ਆਪਣੇ ਹਿੱਤਾਂ ਲਈ ਘੁਸਪੈਠ ਕਰਵਾ ਰਹੇ ਹਨ। -ਪੀਟੀਆਈ