ਕੋਲਕਾਤਾ, 20 ਜੂਨ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੈਨਾ ’ਚ ਭਰਤੀ ਦੀ ਨਵੀਂ ‘ਅਗਨੀਪਥ’ ਯੋਜਨਾ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨਵੀਂ ਰੱਖਿਆ ਭਰਤੀ ਰਾਹੀਂ ਆਪਣਾ ‘ਹਥਿਆਰਬੰਦ’ ਕਾਡਰ ਆਧਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਯੋਜਨਾ ਨੂੰ ਹਥਿਆਰਬੰਦ ਬਲਾਂ ਦਾ ਅਪਮਾਨ ਕਰਾਰ ਦਿੰਦਿਆਂ ਮਮਤਾ ਬੈਨਰਜੀ ਨੇ ਇਸ ਗੱਲ ’ਤੇ ਹੈਰਾਨੀ ਵੀ ਜ਼ਾਹਿਰ ਕੀਤੀ ਕਿ ਕੀ ਭਾਜਪਾ ਦੀ ਯੋਜਨਾ ਚਾਰ ਦੇ ਸੇਵਾਕਾਲ ਤੋਂ ਬਾਅਦ ਇਨ੍ਹਾਂ ‘ਅਗਨੀਵੀਰ’ ਸੈਨਿਕਾਂ ਨੂੰ ਆਪਣੇ ਪਾਰਟੀ ਦਫ਼ਤਰਾਂ ’ਚ ‘ਚੌਕੀਦਾਰ’ ਵਜੋਂ ਤਾਇਨਾਤ ਕਰਨ ਦੀ ਹੈ। ਟੀਐੱਮਸੀ ਮੁਖੀ ਨੇ ਵਿਧਾਨ ਸਭਾ ’ਚ ਕਿਹਾ, ‘ਭਾਜਪਾ ਇਸ ਯੋਜਨਾ ਤਹਿਤ ਆਪਣਾ ਹਥਿਆਰਬੰਦ ਕਾਡਰ ਆਧਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਚਾਰ ਸਾਲ ਬਾਅਦ ਕੀ ਕਰਨਗੇ? ਪਾਰਟੀ ਨੌਜਵਾਨਾਂ ਦੇ ਹੱਥ ’ਚ ਹਥਿਆਰ ਦੇਣਾ ਚਾਹੁੰਦੀ ਹੈ।’ ਉਨ੍ਹਾਂ ਕਿਹਾ ਕਿ ਭਾਜਪਾ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਅਗਨੀਪਥ ਵਰਗੀਆਂ ਯੋਜਨਾਵਾਂ ਰਾਹੀਂ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, ‘ਉਨ੍ਹਾਂ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਦੇਸ਼ ਦੇ ਲੋਕਾਂ ਨੂੰ ਇਨ੍ਹਾਂ ਯੋਜਨਾਵਾਂ ਰਾਹੀਂ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।’ ਇਸ ਤੋਂ ਬਾਅਦ ਬੈਨਰਜੀ ਦੀ ਟਿੱਪਣੀ ਦੇ ਵਿਰੋਧ ’ਚ ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ ਤੋਂ ਵਾਕਆਊਟ ਕਰ ਦਿੱਤਾ। -ਪੀਟੀਆਈ