ਹੈਦਰਾਬਾਦ, 30 ਅਕਤੂਬਰ
ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਅੱਜ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਸੂਬੇ ’ਚ ਹਾਕਮ ਧਿਰ ਟੀਆਰਐੱਸ ਦੇ 20-30 ਵਿਧਾਇਕ ਖਰੀਦਣ ਤੇ ਉਨ੍ਹਾਂ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। ਮੁਨੂਗੋੜੇ ਵਿਧਾਨ ਸਭਾ ਸੀਟ ’ਤੇ ਉੱਪ ਚੋਣ ਲਈ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਓ ਨੇ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਦੇ ਵਿਧਾਇਕਾਂ ਦੇ ਮਾਮਲੇ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਦਿੱਲੀ ਤੋਂ ‘ਦਲਾਲ’ ਆਏ ਤੇ ਹਰੇਕ ਨੂੰ 100 ਕਰੋੜ ਰੁਪਏ ਦੀ ਪੇਸ਼ਕਸ਼ ਕਰਕੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਅਸਲੀ ਧਰਤੀ ਪੁੱਤਰ ਵਿਧਾਇਕਾਂ ਨੇ ਇਹ ਤਜਵੀਜ਼ ਠੁਕਰਾ ਦਿੱਤੀ। ਕੇਸੀਆਰ ਦੇ ਨਾਂ ਨਾਲ ਮਸ਼ਹੂਰ ਰਾਓ ਨੇ ਦੋਸ਼ ਲਾਇਆ, ‘ਤੁਸੀਂ ਕੱਲ ਦੇਖਿਆ। (ਭਾਜਪਾ ਸੋਚਦੀ ਹੈ) ਕੇਸੀਆਰ ਚੀਕਾਂ ਮਾਰ ਰਿਹਾ ਹੈ। ਆਓ ਉਨ੍ਹਾਂ ਦਾ (ਸਿਆਸੀ) ਅੰਤ ਦੇਖਦੇ ਹਾਂ। ਉਨ੍ਹਾਂ ਹਰੇਕ ਵਿਧਾਇਕ ਨੂੰ 100 ਕਰੋੜ ਰੁਪਏ ’ਚ ਖਰੀਦਣ ਲਈ ਦਲਾਲ ਭੇਜੇ ਸਨ। ਉਹ 20-30 ਵਿਧਾਇਕ ਖਰੀਦਣਾ ਚਾਹੁੰਦੇ ਸਨ ਤੇ ਕੇਸੀਆਰ ਦੀ ਸਰਕਾਰ ਡੇਗਣਾ ਚਾਹੁੰਦੇ ਸਨ ਤੇ ਤਿਲੰਗਾਨਾ ’ਤੇ ਚੜ੍ਹਾਈ ਕਰਨਾ ਚਾਹੁੰਦੇ ਸਨ ਤਾਂ ਜੋ ਉਹ ਆਪਣੀ ਮਰਜ਼ੀ ਮੁਤਾਬਕ ਨਿੱਜੀਕਰਨ ਲਾਗੂ ਕਰ ਸਕਣ।’ ਮੁੱਖ ਮੰਤਰੀ ਦਾ ਇਹ ਬਿਆਨ ਟੀਆਰਐੱਸ ਦੇ ਚਾਰ ਵਿਧਾਇਕਾਂ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ’ਚ ਭੇਜੇ ਜਾਣ ਤੋਂ ਇੱਕ ਦਿਨ ਬਾਅਦ ਆਇਆ ਹੈ। ਰਾਓ ਨੇ ਰੈਲੀ ਦੌਰਾਨ ਚਾਰਾਂ ਵਿਧਾਇਕਾਂ ਦੀ ਪਰੇਡ ਵੀ ਕਰਾਈ। -ਪੀਟੀਆਈ
ਸਰਕਾਰ ਡੇਗਣ ਦੀ ਸਾਡੀ ਕੋਈ ਮਨਸ਼ਾ ਨਹੀਂ: ਭਾਜਪਾ
ਹੈਦਰਾਬਾਦ: ਤਿਲੰਗਾਨਾ ਦੇ ਮੁੱਖ ਮੰਤਰੀ ਵੱਲੋਂ ਲਾਏ ਦੋਸ਼ ਦਾ ਜਵਾਬ ਦਿੰਦਿਆਂ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ ਨੇ ਕਿਹਾ, ‘ਅੱਜ ਤੁਸੀਂ ਉਨ੍ਹਾਂ ਨੂੰ ਦਿੱਲੀ ਤੋਂ ਆਏ ਦਲਾਲ ਦੱਸ ਰਹੇ ਹੋ। ਤੁਸੀਂ ਹੀ ਖਰੀਦੋ-ਫਰੋਖ਼ਤ ਰਾਹੀਂ ਸਾਰੇ ਵਿਧਾਇਕਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ।’ ਉਨ੍ਹਾਂ ਜਾਣਨਾ ਚਾਹਿਆ ਕਿ ਕਿਹੜਾ ਭਾਜਪਾ ਆਗੂ ਟੀਆਰਐੱਸ ਆਗੂਆਂ ਨੂੰ ਪੈਸੇ ਦੇਣ ਦਾ ਵਾਅਦਾ ਕਰਨ ਗਿਆ ਸੀ। ਉਨ੍ਹਾਂ ਕਿਹਾ,‘ਕੀ ਸਾਡੇ ਕੋਲ ਇੰਨਾ ਪੈਸਾ ਹੈ? ਕੀ ਉਹ ਇੰਨੇ ਵੱਡੇ ਵਿਧਾਇਕ ਹਨ ਕਿ ਉਨ੍ਹਾਂ ’ਚੋਂ ਹਰੇਕ ਦਾ ਮੁੱਲ ਸੌ ਕਰੋੜ ਰੁਪਏ ਹੋਵੇ?’ ਉਨ੍ਹਾਂ ਕਿਹਾ, ‘ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੀ ਸਰਕਾਰ ਡੇਗਣ ਦੀ ਸਾਡੀ ਕੋਈ ਮਨਸ਼ਾ ਨਹੀਂ ਹੈ। ਇਹ ਤੁਹਾਡਾ ਲੋਕਾਂ ਤੋਂ ਹਮਦਰਦੀ ਹਾਸਲ ਕਰਨ ਤੇ ਚੋਣ ਏਜੰਡਾ ਬਣਾਉਣ ਦਾ ਮਕਸਦ ਹੋ ਸਕਦਾ ਹੈ।’ -ਪੀਟੀਆਈ