ਬਹਰਾਇਚ (ਉੱਤਰ ਪ੍ਰਦੇਸ਼), 30 ਸਤੰਬਰ
ਭਾਰਤੀ ਕਿਸਾਨ ਯੂਨੀਅਨ ਨੇਤਾ ਰਾਕੇਸ਼ ਟਿਕੈਤ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ‘ਪੈਸੇ ਦੀ ਤਾਕਤ’ ਵਰਤ ਕੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਕਮਜ਼ੋਰ ਕਰ ਰਹੀ ਹੈ ਤਾਂ ਕਿ ਉਹ ਪੂਰੇ ਦੇਸ਼ ’ਤੇ ਇਕੱਲੀ ਰਾਜ ਕਰ ਸਕੇ। ਉਨ੍ਹਾਂ ਨੇ ਚੋਣ ਅਧਿਕਾਰੀਆਂ ’ਤੇ ਇਸੇ ਵਰ੍ਹੇ ਹੋਈਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ 100 ਤੋਂ ਵੱਧ ਸੀਟਾਂ ਦੇ ਨਤੀਜਿਆਂ ਨਾਲ ਛੇੜਛਾੜ ਕਰਨ ਦਾ ਦੋੋਸ਼ ਵੀ ਲਾਇਆ ਅਤੇ ਕਿਹਾ ਕਿ ਸਰਕਾਰੀ ਮਸ਼ੀਨਰੀ ਭਗਵਾ ਪਾਰਟੀ ਲਈ ਕੰਮ ਰਹੀ ਹੈ। ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਬਾਰੇ ਉਨ੍ਹਾਂ ਕਿਹਾ ਕਿ ‘‘ਦੇਸ਼ ਨੂੰ ਇਕਜੁੱਟ ਕਰਨ’’ ਲਈ ਇਹ ਸਹੀ ਕਦਮ ਹੈ ਜੋ ਕਿ ਬਹੁਤ ਪਹਿਲਾਂ ਚੁੱਕਿਆ ਜਾਣਾ ਚਾਹੀਦਾ ਸੀ। ਟਿਕੈਤ ਨੇ ਕਿਹਾ, ‘‘ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਸ ਖ਼ਿਲਾਫ਼ ਸੜਕਾਂ ’ਤੇ ਆਉਣਾ ਚਾਹੀਦਾ ਹੈ। ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਰੀਆਂ ਲਹਿਰਾਂ ਅਤੇ ਸਿਆਸੀ ਪਾਰਟੀਆਂ ’ਤੇ ਪਾਬੰਦੀ ਲਾ ਦਿੱਤੀ ਜਾਵੇਗੀ।’’ -ਪੀਟੀਆਈ