ਨਵੀਂ ਦਿੱਲੀ, 21 ਦਸੰਬਰ
ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬਚਨ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਆਗੂਆਂ ’ਤੇ ਹਾਲ ਹੀ ਵਿਚ ਮਾਰੇ ਗਏ ਟੈਕਸ ਛਾਪਿਆਂ ਦਾ ਕਾਰਨ ਯੂਪੀ ਚੋਣਾਂ ਤੋਂ ਪਹਿਲਾਂ ਭਾਜਪਾ ਦਾ ‘ਚਿੰਤਤ’ ਹੋਣਾ ਹੈ। ਜਯਾ ਨੇ ਸਰਕਾਰ ਦੇ ਉਸ ਦਾਅਵੇ ਕਿ ਕੇਂਦਰੀ ਏਜੰਸੀਆਂ ਆਜ਼ਾਦ ਹੋ ਕੇ ਕੰਮ ਕਰਦੀਆਂ ਹਨ, ’ਤੇ ਵੀ ਵਿਅੰਗ ਕਸੇ ਅਤੇ ਕਿਹਾ, ‘ਅਸੀਂ ਅਨਪੜ੍ਹ ਹਾਂ ਜੋ ਉਨ੍ਹਾਂ ਦੇ ਕਹਿਣ ਉਤੇ ਯਕੀਨ ਕਰੀਏ।’ ਜ਼ਿਕਰਯੋਗ ਹੈ ਕਿ ਬਚਨ ਦੀ ਨੂੰਹ ਤੇ ਅਭਿਨੇਤਰੀ ਐਸ਼ਵਰਿਆ ਰਾਏ ਬਚਨ ਸੋਮਵਾਰ ਪਨਾਮਾ ਪੇਪਰ ਟੈਕਸ ਲੀਕ ਕੇਸ ਵਿਚ ਈਡੀ ਅੱਗੇ ਪੇਸ਼ ਹੋਈ ਸੀ। ਐਸ਼ਵਰਿਆ ਦਾ ਬਿਆਨ ‘ਫੇਮਾ’ ਕਾਨੂੰਨ ਤਹਿਤ ਦਰਜ ਕੀਤਾ ਗਿਆ ਸੀ। ਜਯਾ ਬਚਨ ਨੇ ਹਾਲਾਂਕਿ ਸਿੱਧੇ ਤੌਰ ਉਤੇ ਆਪਣੀ ਨੂੰਹ ਨੂੰ ਤਲਬ ਕਰਨ ਬਾਰੇ ਕੁਝ ਨਹੀਂ ਕਿਹਾ। ਸਪਾ ਆਗੂ ਨੇ ਕਿਹਾ ਕਿ ‘ਚੋਣਾਂ ਦੇ ਮੱਦੇਨਜ਼ਰ ਉਹ ਚਿੰਤਤ ਹਨ, ਉਨ੍ਹਾਂ ਕੋਲ ਕਈ ਸੰਦ ਹਨ ਜੋ ਉਹ ਵਰਤ ਰਹੇ ਹਨ…ਹਵਾ ਬੜੀ ਕਰਾਰੀ ਹੈ, ਲਾਲ ਟੋਪੀ ਸਭ ਪੇ ਭਾਰੀ ਹੈ।’ ਲਾਲ ਟੋਪੀਆਂ ਸਿਆਸੀ ਤੌਰ ’ਤੇ ਸਪਾ ਨਾਲ ਜੁੜੀਆਂ ਹੋਈਆਂ ਹਨ ਜੋ ਕਿ ਇਸ ਦੇ ਮੈਂਬਰ ਸਮਾਗਮਾਂ ਵਿਚ ਪਹਿਨਦੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਮੈਗਾਸਟਾਰ ਅਮਿਤਾਭ ਬੱਚਨ ਦੀ ਪਤਨੀ ਨੇ ਕੇਂਦਰ ਸਰਕਾਰ ਉਤੇ ਵੀ ਨਿਸ਼ਾਨਾ ਸੇਧਿਆ ਤੇ 12 ਰਾਜ ਸਭਾ ਮੈਂਬਰਾਂ ਨੂੰ ਮੁਅੱਤਲ ਕਰਨ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੰਸਦ ਵਿਚ ਮਹਿੰਗਾਈ, ਬੇਰੁਜ਼ਗਾਰੀ ਤੇ ਕਿਸਾਨਾਂ ਦੇ ਮੁੱਦਿਆਂ ਉਤੇ ਚਰਚਾ ਨਹੀਂ ਹੋਣ ਦਿੱਤੀ। -ਪੀਟੀਆਈ