ਨਵੀਂ ਦਿੱਲੀ, 21 ਮਾਰਚ
ਸੀਨੀਅਰ ਭਾਜਪਾ ਨੇਤਾ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਰਟੀ ਦੀ ਸ਼ਹਿਰੀ ਇਕਾਈ ਨੂੰ ਕਿਹਾ ਕਿ ‘ਪੰਨਾ ਪ੍ਰਮੁੱਖ’ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਉਨ੍ਹਾਂ ਨੂੰ ਦਿੱਲੀ ’ਚ ਤੈਨਾਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ‘ਭਗਵੀਂ ਪਾਰਟੀ ਨੂੰ ਕੌਮੀ ਰਾਜਧਾਨੀ ’ਚ ਜਿੱਤ ਦਿਵਾ ਸਕਣ।
ਭਾਜਪਾ ਦੀ ਚੋਣ ਪ੍ਰਣਾਲੀ ਮੁਤਾਬਕ ਬਹੁਤੇ ਵੋਟਰਾਂ ਦਾ ਸਭ ਤੋਂ ਪਹਿਲਾ ਸੰਪਰਕ ‘ਪੰਨਾ ਪ੍ਰਮੁੱਖਾਂ’ ਨਾਲ ਹੁੰਦਾ ਹੈ। ਦਿੱਲੀ ’ਚ ਭਾਜਪਾ ਦੀ ਕਾਰਜਕਾਰੀ ਕਮੇਟੀ ਮੀਟਿੰਗ ਦਾ ਉਦਘਾਟਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਤੇ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਪੰਨਾ ਪ੍ਰਮੁੱਖਾਂ ਨੂੰ ਮਦਦ ਕਰਨੀ ਚਾਹੀਦੀ ਹੈ। ਰਾਜਨਾਥ ਸਿੰਘ ਨੇ ਦਿੱਲੀ ਭਾਜਪਾ ਦੇ ਨੇਤਾਵਾਂ ਨੂੰ ਕਿਹਾ, ‘ਮੋਦੀ ਸਰਕਾਰ ਦਾ ਸੁਸਾਸ਼ਨ ਤੇ ਵਿਕਾਸ ’ਚ ਚੰਗਾ ਟਰੈਕ ਰਿਕਾਰਡ ਹੈ… ਅਸੀਂ ਜੋ ਵਾਅਦੇ ਕੀਤੇ, ਉਹ ਹਮੇਸ਼ਾ ਪੂਰੇ ਕੀਤੇ।’ ਉਨ੍ਹਾਂ ਕਿਹਾ, ‘ਪੰਨਾ ਪ੍ਰਮੁੱਖ ਦਿੱਲੀ ’ਚ ਤੈਨਾਤ ਕੀਤੇ ਜਾਣੇ ਚਾਹੀਦੇ ਹਨ। ਮੈਂ ਸੋਚਦਾ ਹਾਂ ਕਿ ਇਹ ਸਭ ਤੋਂ ਅਹਿਮ ਅਹੁਦਾ ਹੈ ਤੇ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹੈ। ਮੈਂ ਕਹਿ ਸਕਦਾ ਹਾਂ ਕਿ ਇਹ ਦਿੱਲੀ ’ਚ ਭਾਜਪਾ ਨੂੰ ਜਿੱਤ ਦਿਵਾ ਸਕਦੇ ਹਨ।’ ਉਨ੍ਹਾਂ ਕਿਹਾ ਕਿ ਪੰਨਾ ਪ੍ਰਮੁੱਖ ਪਾਰਟੀ ਸੂਬਾ ਇਕਾਈ ਦੇ ਪ੍ਰਧਾਨ ਤੋਂ ਵੀ ਅਹਿਮ ਹਨ ਅਤੇ ਇਸ ਕਰਕੇ ਉਨ੍ਹਾਂ ਦਾ ਸਨਮਾਨ ਹੋਣਾ ਚਾਹੀਦਾ ਹੈ। -ਪੀਟੀਆਈ