ਮੁੰਬਈ, 12 ਅਪਰੈਲ
ਸ਼ਿਵ ਸੈਨਾ ਨੇ ਆਪਣੀ ਪੁਰਾਣੀ ਭਾਈਵਾਲ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਦਾਅਵਾ ਕੀਤਾ ਕਿ ਇਸਦਾ ਹਿੰਦੂਤਵ ਸੁਆਰਥੀ ਤੇ ਅੰਦਰੋਂ ਖੋਖਲਾ ਹੈ। ਪਾਰਟੀ ਨੇ ਕਿਹਾ ਕਿ ਇਸਦੇ ਨਵ-ਹਿੰਦੂਤਵਵਾਦੀ ਮੁਲਕ ਵਿੱਚ ਵੰਡ ਤੋਂ ਪੂਰਬਲਾ ਮਾਹੌਲ ਸਿਰਜ ਰਹੇ ਹਨ। ਸ਼ਿਵ ਸੈਨਾ ਦੇ ਰਸਾਲੇ ‘ਸਾਮਨਾ’ ਦੀ ਸੰਪਾਦਕੀ ਨੇ ਇਹ ਦਾਅਵਾ ਵੀ ਕੀਤਾ ਕਿ ਭਾਜਪਾ ਦਾ ਹਿੰਦੂਤਵ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਇਸ ਕੋਲ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਫੁੱਟ ਪਾਉਣ ਤੋਂ ਇਲਾਵਾ ਕੋਈ ਹੋਰ ਏਜੰਡਾ ਨਹੀਂ ਹੈ। ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਇਸ ਮਰਾਠੀ ਅਖ਼ਬਾਰ ਨੇ ਕਿਹਾ ਕਿ ਜੇਕਰ ਹਨੂਮਾਨ ਚਾਲੀਸਾ ਵਜਾਉਣ ਨਾਲ ਗਲਵਾਨ ਘਾਟੀ ਵਿੱਚ ਚੀਨੀ ਫ਼ੌਜੀ ਵਾਪਸ ਚਲੇ ਜਾਣ ਤਾਂ ਇਹ ਠੀਕ ਹੈ। ਪਾਰਟੀ ਨੇ ਪੁੱਛਿਆ ਕਿ ਕੀ ਮਸਜਿਦਾਂ ਦੇ ਬਾਹਰ ਹਨੂਮਾਨ ਚਾਲੀਸਾ ਵਜਾਉਣ ਨਾਲ ਕਸ਼ਮੀਰੀ ਪੰਡਤਾਂ ਤੇ ਬੇਰੁਜ਼ਗਾਰੀ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ? ਪਾਰਟੀ ਨੇ ਹਿਜਾਬ ਵਿਵਾਦ ਤੇ ਮੰਦਰਾਂ ਦੇ ਬਾਹਰ ਮੁਸਲਮਾਨਾਂ ਨੂੰ ਕਾਰੋਬਾਰ ਨਾ ਕਰਨ ਸਬੰਧੀ ਕੁਝ ਸੱਜੇ ਪੱਖੀ ਸਮੂਹਾਂ ਵੱਲੋਂ ਕੀਤੀ ਜਾ ਰਹੀ ਮੰਗ ਵੱਲ ਸੰਕੇਤ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਦੇ ਨਵ-ਹਿੰਦੂਤਵਵਾਦੀ ਵੰਡ ਤੋਂ ਪਹਿਲਾਂ ਦਾ ਮਾਹੌਲ ਸਿਰਜ ਰਹੇ ਹਨ। -ਪੀਟੀਆਈ