ਪਟਨਾ, 5 ਅਕਤੂਬਰ
ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਨੇ ਅੱਜ ਭਾਜਪਾ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਭਗਵਾ ਪਾਰਟੀ ਉਸ ਹੈਵਾਨ ਵਾਂਗ ਹੈ ਜਿਸ ਦੇ ਮੂੰਹ ਨੂੰ ਖ਼ੂਨ ਲੱਗ ਚੁੱਕਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਹਿੰਦੂਆਂ ਨੂੰ ਮੁਸਲਮਾਨਾਂ ਖਿਲਾਫ਼ ਖੜ੍ਹਾ ਕਰਕੇ ਸੱਤਾ ਵਿੱਚ ਆਈ ਹੈ।
ਸ੍ਰੀ ਲਾਲੂ ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਪਿਛਲੇ ਕੁਝ ਮਹੀਨਿਆਂ ਤੋਂ ਦਿੱਲੀ ਵਿੱਚ ਹਨ। ਵੀਡੀਓ ਕਾਨਫਰੰਸਿੰਗ ਜ਼ਰੀਏ ਪਟਨਾ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਰਜੇਡੀ ਸੁਪਰੀਮੋ ਨੇ ਲਖੀਮਪੁਰ ਖੇੜੀ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਨਿਖੇਧੀ ਕੀਤੀ।
ਸ੍ਰੀ ਲਾਲੂ ਨੇ ਵਿਰੋਧੀ ਧਿਰਾਂ ’ਚ ਏਕੇ ਦੀ ਘਾਟ ’ਤੇ ਵਿਰਲਾਪ ਕਰਦਿਆਂ ਕਿਹਾ ਕਿ ਭਾਜਪਾ ਨੂੰ ਹਰਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਦਾ ਇਕਜੁਟ ਹੋਣਾ ਜ਼ਰੂਰੀ ਹੈ। ਪ੍ਰਸਾਦ ਨੇ ਕਿਹਾ, ‘‘ਮੈਂ ਜਲਦੀ ਹੀ ਬਿਹਾਰ ਆਵਾਂਗਾ। ਮੇਰੀ ਸਿਹਤ ਵਿੱਚ ਲਗਾਤਾਰ ਸੁਧਾਰ ਆ ਰਿਹਾ ਹੈ ਤੇ ਮੈਂ ਜਲਦੀ ਹੀ ਤੁਹਾਨੂੰ ਮਿਲਾਂਗਾ।’’ -ਪੀਟੀਆਈ