ਅਦਿਤੀ ਟੰਡਨ
ਨਵੀਂ ਦਿੱਲੀ, 17 ਫਰਵਰੀ
ਪੰਜਾਬ ਚੋਣਾਂ ਲਈ ਤਿੰਨ ਦਿਨ ਬਾਕੀ ਰਹਿ ਗਏ ਹਨ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕੇਂਦਰ ਦੀ ਸੱਤਾਧਾਰੀ ਭਾਜਪਾ ‘ਤੇ ਨਿਸ਼ਾਨਾ ਲਾਉਂਦਿਆ ਉਸ ਦੇ ਰਾਸ਼ਟਰਵਾਦ ਨੂੰ “ਫਰਜ਼ੀ ਅਤੇ ਖ਼ਤਰਨਾਕ ਕਰਾਰ ਦਿੰਦਿਆ ਕਿਹਾ ਕਿ ਇਹ ਪਾੜੋ ਅਤੇ ਰਾਜ ਕਰੋ ਦੀ ਬ੍ਰਿਟਿਸ਼ ਨੀਤੀ ’ਤੇ ਅਧਾਰਤ ਹੈ। 20 ਫਰਵਰੀ ਦੀਆਂ ਰਾਜ ਚੋਣਾਂ ਤੋਂ ਪਹਿਲਾਂ ਵੀਡੀਓ ਸੰਦੇਸ਼ ਵਿੱਚ ਸ੍ਰੀ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਲਏ ਬਿਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਵਿਸ਼ੇਸ਼ ਮਹੱਤਤਾ ਹੈ ਅਤੇ ਦੇਸ਼ ਦੀਆਂ ਸਮੱਸਿਆਵਾਂ ਲਈ ਇਤਿਹਾਸ ਜਾਂ ਸਾਬਕਾ ਪ੍ਰਧਾਨ ਮੰਤਰੀ ਨੂੰ ਦੋਸ਼ੀ ਠਹਿਰਾਉਣ ਨਾਲ ਕੋਈ ਫਾਇਦਾ ਨਹੀਂ ਹੋਵੇਗਾ।
ਪੰਜਾਬ ਦੇ ਲੋਕਾਂ ਨੂੰ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ, ਕਿਸਾਨੀ ਖੁਸ਼ਹਾਲੀ ਅਤੇ ਬੇਰੁਜ਼ਗਾਰੀ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਵਾਲੀ ਇਹ ਇੱਕੋ-ਇੱਕ ਪਾਰਟੀ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਆਪਣੇ ਸੱਤ ਸਾਲਾਂ ਦੇ ਸ਼ਾਸਨ ਦੀਆਂ ਗਲਤੀਆਂ ਨੂੰ ਸਵੀਕਾਰ ਕਰਨ ਅਤੇ ਸੁਧਾਰਨ ਦੀ ਬਜਾਏ ਰਾਸ਼ਟਰੀ ਸਮੱਸਿਆਵਾਂ ਲਈ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਜਾ ਰਿਹਾ ਹੈ।