ਨਵੀਂ ਦਿੱਲੀ, 27 ਅਕਤੂਬਰ
ਮੁਫ਼ਤ ਚੋਣ ਸੌਗਾਤਾਂ ਅਤੇ ਲੋਕ ਭਲਾਈ ਨੀਤੀਆਂ ਵਿੱਚ ਅੰਤਰ ਸਪੱਸ਼ਟ ਕਰਦੇ ਹੋਏ ਭਾਜਪਾ ਨੇ ਚੋਣ ਕਮਿਸ਼ਨ ਨੂੰ ਦਿੱਤੇ ਆਪਣੇ ਜਵਾਬ ਵਿੱਚ ਸੁਝਾਅ ਦਿੱਤਾ ਹੈ ਕਿ ਸਿਆਸੀ ਪਾਰਟੀਆਂ ਨੂੰ ਲੋਕਾਂ ਦੀ ਨਿਰਭਰਤਾ ਵਧਾਉਣ ਦੀ ਬਜਾਏ ਵੋਟਰਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੀ ਸਮਰੱਥਾ ਬਣਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ। ਕਮਿਸ਼ਨ ਨੇ ਸਾਰੀਆਂ ਮਾਨਤਾ ਪ੍ਰਾਪਤ ਰਾਸ਼ਟਰੀ ਅਤੇ ਰਾਜ ਪੱਧਰੀ ਪਾਰਟੀਆਂ ਨੂੰ ਪੱਤਰ ਲਿਖ ਕੇ ਚੋਣ ਸੌਗਾਂਤਾ ਦੇ ਐਲਾਨ ਬਾਰੇ 19 ਅਕਤੂਬਰ ਤੱਕ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਸੀ।ਭਾਜਪਾ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਮੁਫ਼ਤ ਚੋਣ ਤੋਹਫ਼ੇ ਵੋਟਰਾਂ ਨੂੰ ਲੁਭਾਉਣ ਲਈ ਹੁੰਦੇ ਹਨ ਜਦੋਂ ਕਿ ਭਲਾਈ ਇੱਕ ਨੀਤੀ ਹੈ ਜਿਸ ਰਾਹੀਂ ਵੋਟਰਾਂ ਦਾ ਸਰਬਪੱਖੀ ਵਿਕਾਸ ਕੀਤਾ ਜਾਂਦਾ ਹੈ।