ਪਣਜੀ, 14 ਦਸੰਬਰ
ਤ੍ਰਿਣਮੂਲ ਕਾਂਗਰਸ ਪ੍ਰਮੁੱਖ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਗੋਆ, ਉੱਤਰ ਪ੍ਰਦੇਸ਼ ਅਤੇ ਪੰਜਾਬ ਵਰਗੇ ਰਾਜਾਂ ਤੋਂ ਭਾਜਪਾ ਦਾ ‘ਸੂਰਜ ਡੁੱਬਣਾ’ ਸ਼ੁਰੂ ਹੋ ਗਿਆ ਹੈ, ਜਿੱਥੇ 2022 ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਅਤੇ ਇਹ ਰੁਝਾਨ ਜਾਰੀ ਰਹੇਗਾ ਅਤੇ ਪੂਰੇ ਦੇਸ਼ ਵਿੱਚ ਫੈਲੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਭਗਵਾ ਪਾਰਟੀ ਨੂੰ ਲੈ ਕੇ ਸਿਰਫ਼ ਵੱਡੇ-ਵੱਡੇ ਦਾਅਵੇ ਕਰਨ ਦੀ ਬਜਾਏ ਭਾਜਪਾ ਨਾਲ ਸਹੀ ਮਾਅਨਿਆਂ ਵਿੱਚ ਲੜਨਾ ਚਾਹੀਦਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਇੱਕ ਜਨਤਕ ਮੀਟਿੰਗ ਵਿੱਚ ਬੋਲ ਰਹੇ ਸੀ। ਇਸ ਦੌਰਾਨ ਉਨ੍ਹਾਂ ਆਗਾਮੀ ਗੋਆ ਚੋਣਾਂ ਲਈ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐਮਜੀਪੀ), ਜੋ ਕਿ ਰਾਜ ਦੀ ਸਭ ਤੋਂ ਪੁਰਾਣੀ ਖੇਤਰੀ ਜਥੇਬੰਦੀ ਹੈ, ਨਾਲ ਟੀਐਮਸੀ ਗਠਜੋੜ ਦਾ ਰਸਮੀ ਐਲਾਨ ਵੀ ਕੀਤਾ। -ਏਜੰਸੀ