ਮੁੰਬਈ, 4 ਜਨਵਰੀ
ਮਹਾਰਾਸ਼ਟਰ ਲੋਕਾਯੁਕਤ ਨੇ ਕਿਹਾ ਹੈ ਕਿ ਨਗਰ ਨਿਗਮ (ਬੀਐੱਮਸੀ) ਸੜਕ ਚੌੜੀ ਕਰਨ ਦੇ ਪ੍ਰਾਜੈਕਟ ਲਈ ਜੁਹੂ ਵਿੱਚ ਅਮਿਤਾਭ ਬੱਚਨ ਦੇ ਬੰਗਲੇ ‘ਪ੍ਰਤੀਕਸ਼ਾ’ ਦੀ ਕੰਧ ਢਾਹੁਣ ਵਿੱਚ ਦੇਰੀ ਕਰਨ ਲਈ ਬੇਤੁਕੇ ਬਹਾਨੇ ਬਣਾ ਰਿਹਾ ਹੈ। ਮਹਾਰਾਸ਼ਟਰ ਲੋਕਾਯੁਕਤ ਜਸਟਿਸ ਵੀਐੱਮ ਕਨਾਡੇ ਨੇ ਆਪਣੇ ਹਾਲ ਹੀ ਦੇ ਆਦੇਸ਼ ਵਿੱਚ ਕੰਮ ਵਿੱਚ ਘੱਟੋ-ਘੱਟ ਇੱਕ ਸਾਲ ਦੀ ਦੇਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਨਗਰ ਨਿਗਮ ਨੂੰ ਦੇਰੀ ‘ਤੇ ਡਿਪਟੀ ਇੰਜਨੀਅਰ (ਸੜਕਾਂ) ਪੱਛਮੀ ਉਪਨਗਰ ਨੂੰ ਨੋਟਿਸ ਜਾਰੀ ਕਰਨਾ ਚਾਹੀਦਾ ਹੈ। ਬੀਐੱਮਸੀ ਨੇ ਕਿਹਾ ਸੀ ਕਿ ਉਸ ਨੇ ਬੰਗਲੇ ਦੇ ਪਲਾਟ ਤੋਂ ਜ਼ਮੀਨ ਦਾ ਕੁਝ ਹਿੱਸਾ ਨਹੀਂ ਲਿਆ ਹੈ ਕਿਉਂਕਿ ਉਸ ਕੋਲ ਸੜਕ ਚੌੜੀ ਕਰਨ ਦੇ ਪ੍ਰਾਜੈਕਟ ਲਈ ਕੋਈ ਠੇਕੇਦਾਰ ਨਹੀਂ ਹੈ। ਸ਼ਿਵ ਸੈਨਾ ਦੇ ਅਗਵਾਈ ਵਾਲੇ ਨਗਰ ਨਿਗਮ ਨੇ ਇਹ ਵੀ ਕਿਹਾ ਕਿ ਉਹ ਅਗਲੇ ਵਿੱਤੀ ਸਾਲ ਵਿੱਚ ਕੰਧ ਨੂੰ ਢਾਹ ਕੇ ਜ਼ਮੀਨ ਐਕੁਆਇਰ ਕਰ ਲਵੇਗੀ। ਲੋਕਾਯੁਕਤ ਆਦੇਸ਼ ਨੇ ਕਿਹਾ, ‘ਬੀਐੱਮਸੀ ਵੱਲੋਂ ਕੰਧ ਨਾ ਤੋੜਨ ਦਾ ਕਾਰਨ ਸਹੀ ਨਹੀਂ ਜਾਪਦਾ ਹੈ। ਜਦੋਂ ਵੀ ਕੋਈ ਸੜਕ ਚੌੜਾ ਕਰਨ ਦਾ ਪ੍ਰਾਜੈਕਟ ਲਿਆ ਜਾਂਦਾ ਹੈ, ਬੀਐੱਮਸੀ ਵੱਲੋਂ ਉਸ ਲਈ ਕਾਫ਼ੀ ਬਜਟ ਵਿਵਸਥਾ ਕੀਤੀ ਜਾਂਦੀ ਹੈ। ਜ਼ਾਹਿਰ ਹੈ ਕਿ ਬੀਐੱਮਸੀ ਬੇਤੁਕੇ ਬਹਾਨੇ ਬਣਾ ਕੇ ਚਾਰਦੀਵਾਰੀ ਢਾਹੁਣ ਵਿੱਚ ਦੇਰੀ ਕਰ ਰਹੀ ਹੈ।’