ਨਵੀਂ ਦਿੱਲੀ, 29 ਜੁਲਾਈ
ਨਵੀਂ ਸਿੱਖਿਆ ਨੀਤੀ ’ਚ ਬੋਰਡ ਪ੍ਰੀਖਿਆਵਾਂ ਨੂੰ ਸੁਖਾਲਾ ਬਣਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਦੇ ਨਾਲ +2 ਦੇ ਢਾਂਚੇ ਨੂੰ 5+3+3+4 ਢਾਂਚੇ ਨਾਲ ਬਦਲਿਆ ਗਿਆ ਹੈ।
ਸਕੂਲ ਸਿੱਖਿਆ ਸਕੱਤਰ ਅਨਿਤਾ ਕਰਵਲ ਨੇ ਸੁਧਾਰਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਜਾਰੀ ਰਹਿਣਗੀਆਂ ਪਰ ਉਨ੍ਹਾਂ ਨੂੰ ਸੁਖਾਲਾ ਬਣਾਇਆ ਜਾਵੇਗਾ ਤਾਂ ਜੋ ਕੋਚਿੰਗ ਕਲਾਸਾਂ ਲੈਣ ਦੀ ਲੋੜ ਨਾ ਪਵੇ। ਤੀਜੀ, 5ਵੀਂ ਅਤੇ 8ਵੀਂ ਜਮਾਤਾਂ ਦੀਆਂ ਸਕੂਲ ’ਚ ਪ੍ਰੀਖਿਆਵਾਂ ਹੋਣਗੀਆਂ ਜਿਸ ਨੂੰ ਢੁਕਵੀਂ ਅਥਾਰਿਟੀ ਵੱਲੋਂ ਲਿਆ ਜਾਵੇਗਾ। ਨਵੀਂ ਨੀਤੀ ਤਹਿਤ 5+3+3+4 ਢਾਂਚਾ, ਉਮਰ ਵਰਗਾਂ 3 ਤੋਂ 8, 8 ਤੋਂ 11, 11 ਤੋਂ 14 ਅਤੇ 14 ਤੋਂ 18 ਸਾਲਾਂ ’ਤੇ ਲਾਗੂ ਹੋਵੇਗਾ। ਨਵੇਂ ਪ੍ਰਬੰਧ ਤਹਿਤ ਬੱਚਿਆਂ ਦੀ ਪੜ੍ਹਾਈ ਦੇ ਵਰ੍ਹੇ 12 ਸਾਲ ਹੋਣਗੇ ਜਦਕਿ ਉਹ ਤਿੰਨ ਸਾਲ ਆਂਗਨਵਾੜੀ ਜਾਂ ਪ੍ਰੀ-ਸਕੂਲਿੰਗ ’ਚ ਜਾਣਗੇ। ਨਵੀਂ ਪ੍ਰਣਾਲੀ ’ਚ ਚਾਰ ਪੜਾਅ ਹੋਣਗੇ ਜਿਸ ’ਚ ਫਾਊਂਡੇਸ਼ਨ (ਪਹਿਲੀ ਤੋਂ ਦੂਜੀ ਜਮਾਤਾਂ ਲਈ ਆਂਗਨਵਾੜੀ ਜਾਂ ਪ੍ਰੀ-ਸਕੂਲ), ਪ੍ਰੈਪਰੈਟਰੀ ਸਟੇਜ (ਤੀਜੀ ਤੋਂ 5ਵੀਂ), ਮਿਡਲ ਸਟੇਜ (6ਵੀਂ ਤੋਂ 8ਵੀਂ) ਅਤੇ ਸੈਕੰਡਰੀ ਸਟੇਜ (9ਵੀਂ ਤੋਂ 12ਵੀਂ) ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਿਗਿਆਨ, ਸਮਾਜਿਕ ਸਿੱਖਿਆ, ਕਲਾ, ਖੇਡਾਂ, ਗਣਿਤ ਆਦਿ ਸਾਰਿਆਂ ’ਤੇ ਇਕੋ ਜਿਹਾ ਜ਼ੋਰ ਦਿੱਤਾ ਜਾਵੇਗਾ। ਕਰਵਲ ਨੇ ਕਿਹਾ ਕਿ ਤਿੰਨ-ਭਾਸ਼ੀ ਫਾਰਮੂਲੇ ਸਮੇਤ ਸੰਸਕ੍ਰਿਤ ਨੂੰ ਸਕੂਲ ਦੇ ਹਰ ਪੱਧਰ ’ਤੇ ਲਾਗੂ ਕੀਤਾ ਜਾਵੇਗਾ। ਵਿਦੇਸ਼ੀ ਭਾਸ਼ਾਵਾਂ ਕੋਰੀਅਨ, ਜਪਾਨੀ, ਥਾਈ, ਫਰੈਂਚ, ਜਰਮਨ, ਸਪੇਨਿਸ਼, ਪੁਰਤਗੀਜ਼ ਅਤੇ ਰਸ਼ੀਅਨ ਨੂੰ ਵੀ ਸੈਕੰਡਰੀ ਪੱਧਰ ’ਤੇ ਪੇਸ਼ ਕੀਤਾ ਜਾਵੇਗਾ। ਸੂਬਿਆਂ ਅਤੇ ਯੂਟੀਜ਼ ਨੂੰ ਆਜ਼ਾਦ ਸਟੇਟ ਸਕੂਲ ਸਟੈਂਡਰਡਜ਼ ਅਥਾਰਿਟੀ ਸਥਾਪਤ ਕਰਨੀ ਪਵੇਗੀ। -ਪੀਟੀਆਈ