ਨਵੀਂ ਦਿੱਲੀ, 24 ਅਕਤੂਬਰ
ਫਰਜ਼ੀ ਬੰਬ ਧਮਕੀਆਂ ਦੇ ਸੰਦੇਸ਼ਾਂ ਅਤੇ ਫੋਨ ਕਾਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰ ਨੇ ਇਸ ਖ਼ਤਰੇ ਪਿੱਛੇ ਮੌਜੂਦ ਲੋਕਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਮੇਟਾ ਅਤੇ ਐਕਸ ਵਰਗੇ ਸੋਸ਼ਲ ਮੀਡੀਆ ਮੰਚਾਂ ਤੋਂ ਅਜਿਹੇ ਸੰਦੇਸ਼ਾਂ ਨਾਲ ਸਬੰਧਿਤ ਅੰਕੜੇ ਸਾਂਝੇ ਕਰਨ ਲਈ ਕਿਹਾ ਹੈ। ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਇਸ ਮੁੱਦੇ ਨੂੰ ਜਨਤਕ ਹਿੱਤ ਨਾਲ ਜੁੜਿਆ ਦੱਸਦਿਆਂ ਸਿਖਰਲੀਆਂ ਬਹੁਕੌਮੀ ਤਕਨਾਲੋਜੀ ਕੰਪਨੀਆਂ ਤੋਂ ਅਜਿਹੀਆਂ ਫਰਜ਼ੀ ਫੋਨ ਕਾਲਾਂ ਦੇ ਪਿੱਛੇ ਮੌਜੂਦ ਲੋਕਾਂ ਦੀ ਪਛਾਣ ਕਰਨ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਕੁੱਝ ਲੋਕਾਂ ਦਾ ਪਤਾ ਲਗਾ ਲਿਆ ਹੈ ਜੋ ਏਅਰਲਾਈਨਾਂ ਨੂੰ ਫਰਜ਼ੀ ਬੰਬ ਧਮਕੀਆਂ ਦਿੰਦੇ ਸਨ। ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ ਸਰਕਾਰੀ ਸੂਤਰਾਂ ਨੇ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਹ ਫਰਜ਼ੀ ਕਾਲ ਅਤੇ ਸੰਦੇਸ਼ ਕਿੱਥੋਂ ਆਏ ਅਤੇ ਇਨ੍ਹਾਂ ਪਿੱਛੇ ਕੌਣ ਸੀ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਸਰਕਾਰ ਨੇ ਸੋਸ਼ਲ ਮੀਡੀਆ ਕੰਪਨੀਆਂ ਮੇਟਾ ਅਤੇ ਐਕਸ ਨੂੰ ਕਿਹਾ ਹੈ ਕਿ ਉਹ ਆਪਣੇ ਮੰਚ ਤੋਂ ਕਈ ਏਅਰਲਾਈਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਅਜਿਹੀਆਂ ਫਰਜ਼ੀ ਕਾਲਾਂ ਅਤੇ ਸੰਦੇਸ਼ਾਂ ਨਾਲ ਸਬੰਧਿਤ ਅੰਕੜੇ ਸਾਂਝੇ ਕਰਨ। ਸਰਕਾਰ ਨੇ ਉਨ੍ਹਾਂ ਨੂੰ ਸਹਿਯੋਗ ਦੇਣ ਲਈ ਕਿਹਾ ਹੈ।’’ ਉਨ੍ਹਾਂ ਕਿਹਾ, ‘‘ਉਨ੍ਹਾਂ ਨੂੰ ਸਹਿਯੋਗ ਦੇਣਾ ਪਵੇਗਾ ਅਤੇ ਅੰਕੜੇ ਮੁਹੱਈਆ ਕਰਵਾਉਣੇ ਪੈਣਗੇ ਕਿਉਂਕਿ ਇਸ ਵਿੱਚ ਵਿਆਪਕ ਤੌਰ ’ਤੇ ਜਨਤਕ ਹਿੱਤ ਜੁੜਿਆ ਹੋਇਆ ਹੈ।’’ ਉਨ੍ਹਾਂ ਤੋਂ ਸਵਾਲ ਕੀਤਾ ਗਿਆ ਸੀ ਕਿ ਕੀ ਸੋਸ਼ਲ ਮੀਡੀਆ ਕੰਪਨੀਆਂ ਇਸ ਮੁੱਦੇ ’ਤੇ ਸਰਕਾਰ ਨਾਲ ਸਹਿਯੋਗ ਕਰ ਰਹੀਆਂ ਹਨ ਜਾਂ ਨਹੀਂ। ਹਾਲ ਹੀ ਵਿੱਚ ਕਈ ਏਅਰਲਾਈਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਈ ਫਰਜ਼ੀ ਸੰਦੇਸ਼ ਅਤੇ ਫੋਨ ਆਏ ਹਨ। -ਪੀਟੀਆਈ
80 ਤੋਂ ਵੱਧ ਉਡਾਣਾਂ ਨੂੰ ਮਿਲੀ ਧਮਕੀ
ਭਾਰਤੀ ਹਵਾਈ ਕੰਪਨੀਆਂ ਦੀਆਂ 80 ਤੋਂ ਵੱਧ ਉਡਾਣਾਂ ਨੂੰ ਅੱਜ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਸੂਤਰਾਂ ਨੇ ਦੱਸਿਆ ਕਿ ਏਅਰ ਇੰਡੀਆ, ਵਿਸਤਾਰਾ ਅਤੇ ਇੰਡੀਗੋ ਦੇ ਕਰੀਬ 20 ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ, ਜਦਕਿ ਅਕਾਸਾ ਏਅਰ ਦੀਆਂ ਕਰੀਬ 14 ਉਡਾਣਾਂ ਨੂੰ ਧਮਕੀਆਂ ਮਿਲੀਆਂ ਹਨ। ਪਿਛਲੇ 11 ਦਿਨਾਂ ਵਿੱਚ ਲਗਪਗ 250 ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਅਕਾਸਾ ਏਅਰ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੀਆਂ ਕੁੱਝ ਉਡਾਣਾਂ ਨੂੰ ਸੁਰੱਖਿਆ ਸਬੰਧੀ ਚਿਤਾਵਨੀ ਮਿਲੀ ਹੈ, ਜੋ 24 ਅਕਤੂਬਰ ਨੂੰ ਆਪਣੀ ਮੰਜ਼ਿਲ ਵੱਲ ਰਵਾਨਾ ਹੋਣ ਵਾਲੀਆਂ ਸਨ। ਬੁਲਾਰੇ ਨੇ ਇੱਕ ਬਿਆਨ ਵਿੱਚ ਦੱਸਿਆ, ‘‘ਅਕਾਸਾ ਏਅਰ ਦੀ ਐਮਰਜੈਂਸੀ ਰਿਸਪਾਂਸ ਟੀਮ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ। ਉਹ ਸੁਰੱਖਿਆ ਅਤੇ ਰੈਗੂਲੇਟਰੀ ਅਧਿਕਾਰੀਆਂ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ। ਅਸੀਂ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਾਰੀਆਂ ਸੁਰੱਖਿਆ ਪ੍ਰਕਿਰਿਆਵਾਂ ਦੀ ਪਾਲਣਾ ਕਰ ਰਹੇ ਹਾਂ।’’ ਇਸ ਹਫ਼ਤੇ ਦੇ ਸ਼ੁਰੂ ਵਿੱਚ, ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਕਿਹਾ ਸੀ ਕਿ ਸਰਕਾਰ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਵਿਧਾਨਕ ਕਾਰਵਾਈਆਂ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਵਿੱਚ ਦੋਸ਼ੀਆਂ ਨੂੰ ਨੋ-ਫਲਾਈ ਸੂਚੀ ਵਿੱਚ ਸ਼ਾਮਲ ਕਰਨਾ ਵੀ ਸ਼ਾਮਲ ਹੈ।