ਮੁੰਬਈ, 25 ਅਗਸਤ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਦੇ ਵਿਧਾਇਕਾਂ ਵੱਲੋਂ ਅੱਜ ਇੱਥੇ ਵਿਧਾਨ ਭਵਨ ਦੀਆਂ ਪੌੜੀਆਂ ’ਤੇ ਸਾਬਕਾ ਮੰਤਰੀ ਆਦਿੱਤਿਆ ਠਾਕਰੇ ਖ਼ਿਲਾਫ਼ ਬੈਨਰ ਦਿਖਾਉਂਦੇ ਹੋਏ ਉਨ੍ਹਾਂ ਉੱਤੇ ਨਿਸ਼ਾਨਾ ਸੇਧਿਆ ਗਿਆ।
ਆਦਿੱਤਿਆ ਠਾਕਰੇ ਨੇ ਉਨ੍ਹਾਂ ਦੇ ਜਵਾਬ ਵਿੱਚ ਨਾਅਰਾ ਲਗਾਇਆ ਜਿਸ ਦਾ ਮਤਲਬ ਸੀ ਕਿ ਸ਼ਿੰਦੇ ਖੇਮੇ ਦੇ ਵਿਧਾਇਕਾਂ ਨੂੰ ਧਨ ਦੇ ਕੇ ਧੜਾ ਬਦਲਵਾਇਆ ਗਿਆ ਜਿਸ ਕਰ ਕੇ ਊਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਡਿੱਗ ਗਈ। ਊਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਵਿੱਚ ਸ਼ਿਵ ਸੈਨਾ ਤੋਂ ਇਲਾਵਾ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਦੇ ਵਿਧਾਇਕ ਵੀ ਸ਼ਾਮਲ ਸਨ।
ਅੱਜ ਸ਼ਿੰਦੇ ਧੜੇ ਦੇ ਵਿਧਾਇਕਾਂ ਦੇ ਹੱਥਾਂ ਵਿੱਚ ਬੈਨਰ ਸਨ ਜਿਨ੍ਹਾਂ ’ਤੇ ਮਰਾਠੀ ਵਿੱਚ ਲਿਖਿਆ ਹੋਇਆ ਸੀ, ‘‘ਯੁਵਰਾਜ ਰਸਤਾ ਭਟਕੇ’’। ਸ਼ਿੰਦੇ ਧੜੇ ਦੇ ਵਿਧਾਇਕ ਇਹ ਬੈਨਰ ਵਿਧਾਨ ਭਵਨ ਦੀਆਂ ਪੌੜੀਆਂ ’ਤੇ ਲੈ ਕੇ ਖੜ੍ਹੇ ਸਨ ਜਿੱਥੇ ਕਿ ਇਸ ਵੇਲੇ ਸੂਬਾਈ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ। ਵਿਧਾਇਕ ਭਰਤ ਗੋਗਾਵਲੇ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਸ਼ਿੰਦੇ ਧੜੇ ਦੇ ਵਿਧਾਇਕ ਵਾਰ-ਵਾਰ ਨਿਸ਼ਾਨਾ ਸੇਧਣਗੇ ਤਾਂ ਉਹ ਵੀ ਹੱਥ ਬੰਨ੍ਹ ਕੇ ਨਹੀਂ ਬੈਠੇ ਰਹਿਣਗੇ। ਉਨ੍ਹਾਂ ਕਿਹਾ, ‘‘ਅਸੀਂ ਜਵਾਬ ਦੇਵਾਂਗੇ।’’
ਦੂਜੇ ਪਾਸੇ ਆਦਿੱਤਿਆ ਠਾਕਰੇ ਅਤੇ ਕਾਂਗਰਸ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਕੁਝ ਵਿਧਾਇਕਾਂ ਨੇ ਨਾਅਰੇ ਲਗਾਉਂਦੇ ਹੋਏ ਕਿਹਾ ਕਿ ਮਹਾਰਾਸ਼ਟਰ ਵਿੱਚ ਮੀਂਹ ਕਾਰਨ ਹੋਈ ਫ਼ਸਲਾਂ ਦੀ ਤਬਾਹੀ ਨੂੰ ਦੇਖਦਿਆਂ ਅਤੇ ਹੜ੍ਹਾਂ ਕਾਰਨ ਫ਼ਸਲਾਂ ਦਾ ਨੁਕਸਾਨ ਝੱਲਣ ਵਾਲੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ।
ਆਦਿੱਤਿਆ ਠਾਕਰੇ ਨੂੰ ਨਾਅਰੇ ਲਗਾਉਂਦੇ ਹੋਏ ਵੀ ਦੇਖਿਆ ਗਿਆ ਕਿ 50 ਵਿਧਾਇਕਾਂ ਨੂੰ ਉਨ੍ਹਾਂ ਦੇ ਪਿਤਾ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਖ਼ਿਲਾਫ਼ ਬਗਾਵਤ ਕਰਨ ਲਈ ਧਨ ਮਿਲਿਆ। ਉਹ ਬੁੱਧਵਾਰ ਨੂੰ ਵਿਧਾਨ ਭਵਨ ਕੰਪਲੈਕਸ ਵਿੱਚ ਸੱਤਾ ਧਿਰ ਅਤੇ ਵਿਰੋਧੀ ਧੜੇ ਦੇ ਵਿਧਾਇਕਾਂ ਵਿਚਾਲੇ ਹੋਈ ਧੱਕਾਮੁੱਕੀ ਦਾ ਜ਼ਿਕਰ ਵੀ ਕਰ ਰਹੇ ਸਨ। ਉਹ ਆਪਣੀ ਪਾਰਟੀ ਦੇ ਵਿਧਾਇਕਾਂ ਦੀ ਬਗਾਵਤ ਤੋਂ ਬਾਅਦ ਪਾਰਟੀ ਵਰਕਰਾਂ ਦਾ ਸਮਰਥਨ ਆਧਾਰ ਮਜ਼ਬੂਤ ਕਰਨ ਵਾਸਤੇ ਸੂਬੇ ਦਾ ਦੌਰਾ ਕਰ ਰਹੇ ਹਨ। -ਪੀਟੀਆਈ