ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਦਸੰਬਰ
ਓਲੰਪਿਕ ਤਗ਼ਮਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ਸ਼ੀਲ ਕਿਸਾਨਾਂ ਦੀ ਹਮਾਇਤ ਵਿੱਚ ਨਿੱਤਰਦਿਆਂ ਦੇਸ਼ ਦਾ ਸਿਖਰਲਾ ਖੇਡ ਪੁਰਸਕਾਰ ‘ਰਾਜੀਵ ਖੇਤ ਰਤਨ’ ਮੋੜਨ ਦੀ ਚੇਤਾਵਨੀ ਦਿੱਤੀ ਹੈ। ਮੁੱਕੇਬਾਜ਼ ਨੇ ਇਹ ਐਲਾਨ ਅੱਜ ਇਥੇ ਸਿੰਘੂ ਬਾਰਡਰ ਉੱਤੇ ਡੇਰਾ ਲਾਈ ਬੈਠੇ ਕਿਸਾਨਾਂ ਦੀ ਸਟੇਜ ਤੋਂ ਕੀਤਾ। ਵਿਜੇਂਦਰ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ‘ਕਾਲੇ ਕਾਨੂੰਨ’ ਦੱਸਦਿਆਂ ਕਿਹਾ, ‘ਜੇਕਰ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਤਾਂ ਮੈਂ ਉਨ੍ਹਾਂ ਨੂੰ ਮੇਰਾ ਇਹ ਪੁਰਸਕਾਰ ਵਾਪਸ ਲੈਣ ਦੀ ਅਪੀਲ ਕਰਾਂਗਾ। ਮੁੱਕੇਬਾਜ਼ ਨੇ ਕਿਹਾ, ‘ਬਹੁਤ ਹੋ ਗਿਆ, ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਕੰਨ ਨਾ ਧਰਿਆ, ਤਾਂ ਫਿਰ ਮੈਂ ਇਹ ਫੈਸਲਾ ਕੀਤਾ ਹੈ ਕਿ ਕਿਸਾਨਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਆਪਣਾ ਖੇਲ ਰਤਨ ਐਵਾਰਡ ਵਾਪਸ ਕਰਾਂਗਾ। ਮੁੱਕੇਬਾਜ਼ ਨੇ ਕਿਹਾ ਕਿ ਪਹਿਲਾਂ ਵੀ ਪੰਜਾਬ ’ਚੋਂ ਕ੍ਰਾਂਤੀ ਸ਼ੁਰੂ ਹੋਈ ਸੀ ਤੇ ਹੁਣ ਦੂਜੀ ਕ੍ਰਾਂਤੀ ਵੀ ਪੰਜਾਬ ਦੇ ਕਿਸਾਨਾਂ ਵੱਲੋਂ ਲਿਆਂਦੀ ਜਾਵੇਗੀ। ਉਸ ਨੇ ਕਿਹਾ ਕਿ ਪੰਜਾਬ ਵੱਡਾ ਭਰਾ ਹੈ ਤੇ ਉਸ ਨੇ ਮੁੱਕੇਬਾਜ਼ੀ ਦੀ ਸਿਖਲਾਈ ਦੌਰਾਨ ਪੰਜਾਬ ਦਾ ‘ਅੰਨ’ ਖਾਧਾ ਤੇ ਪਾਣੀ ਪੀਤਾ ਹੈ, ਇਸ ਲਈ ਸਨਮਾਨ ਵਾਪਸ ਕਰਕੇ ਉਸ ਦਾ ਕੁਝ ਹਿੱਸਾ ਹੀ ਮੋੜਨ ਦੀ ਕੋਸ਼ਿਸ਼ ਕਰਾਂਗਾ
ਇਸ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਖੇਡ ਸਨਮਾਨ ਵਾਪਸ ਕਰਨ ਲਈ ਦਿੱਲੀ ਪੁੁੱਜੇ ਪੰਜਾਬ ਨਾਲ ਸਬੰਧਤ ਖਿਡਾਰੀਆਂ ਨੇ ਵੀ ਸਿੰਘੂ ਸਰਹੱਦ ’ਤੇ ਲੱਗੇ ਕਿਸਾਨੀ ਧਰਨੇ ਵਿੱਚ ਸ਼ਿਰਕਤ ਕੀਤੀ। ਖੇਡ ਕਰੀਅਰ ਦੌਰਾਨ ਪਸੀਨਾ ਵਹਾ ਕੇ ਹਾਸਲ ਕੀਤੇ ਸਨਮਾਨ ਮੋੜਨ ਦਾ ਐਲਾਨ ਕਰਨ ਵਾਲੇ ਖਿਡਾਰੀਆਂ ਨੇ ਮੁੱਖ ਸਟੇਜ ਤੋਂ ਕਿਸਾਨਾਂ ਨੂੰ ਇਹ ਸੰਘਰਸ਼ ਦ੍ਰਿੜਤਾ ਨਾਲ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰੱਖਣ ਦਾ ਸੱਦਾ ਦਿੱਤਾ। ਪਹਿਲਵਾਨ ਕਰਤਾਰ ਸਿੰਘ ਨੇ ਕਿਹਾ ਕਿ ਇਹ ਸੰਘਰਸ਼ ਸਿਰਫ਼ ਹੁਣ ਪੰਜਾਬ ਦੇ ਕਿਸਾਨਾਂ ਦਾ ਨਹੀਂ ਰਹਿ ਗਿਆ, ਸਗੋਂ ਕੌਮੀ ਪੱਧਰ ’ਤੇ ਕਿਸਾਨ ਲਾਮਬੰਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ 80 ਫੀਸਦੀ ਲੋਕਾਂ ਦਾ ਘਾਣ ਕਰਨ ਵਾਲੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਧਰਨਾਕਾਰੀਆਂ ਨੂੰ ਡਟੇ ਰਹਿਣ ਦਾ ਹੋਕਾ ਦਿੱਤਾ। ਰਾਜਬੀਰ ਕੌਰ ਨੇ ਕਿਹਾ ਕਿ ਖਿਡਾਰੀਆਂ ਨੇ ਆਪਣੀ ਘਾਲਣਾ ਨਾਲ ਕਮਾਏ ਸਨਮਾਨ ਕਿਸਾਨਾਂ ਦੇ ਹੱਕ ਵਿੱਚ ਰਾਸ਼ਟਰਪਤੀ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਇਹ ਸੰਘਰਸ਼ ਅਜੇ ਖਤਮ ਹੋਣ ਵਾਲਾ ਨਹੀਂ ਕਿਉਂਕਿ ਕਿਸਾਨਾਂ ਨੂੰ ਤਰੀਕ ’ਤੇ ਤਰੀਕ ਹੀ ਮਿਲ ਰਹੀ ਹੈ। ਉਨ੍ਹਾਂ ਦੇ ਪਤੀ ਗੁਰਮੇਲ ਸਿੰਘ ਨੇ ਕਿਸਾਨਾਂ ਦੇ ਹੌਸਲੇ ਵਧਾਏ ਤੇ ਕਿਹਾ ਕਿ ਕਿਸਾਨ ਜੋ ਹੁਕਮ ਲੱਗੇ, ਉਸ ਤੋਂ ਪਿੱਛੇ ਨਹੀਂ ਹਟਦੇ। ਪੰਜਾਬੀਆਂ ਦੇ ਸੁਨਹਿਰੀ ਇਤਿਹਾਸ ਤੋਂ ਨਵੇਂ ਆਗੂ ਨਾਵਾਕਫ ਲੱਗਦੇ ਹਨ। ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਦੀ ਜ਼ਿੱਦ ਕਰਕੇ ਖਿਡਾਰੀਆਂ ਨੇ ਇਨਾਮ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਜੱਸਾ ਪੱਟੀ ਨੇ ਬੈਰੀਕੇਡ ਤੋੜਨ ਵਾਲੇ ਨੌਜਵਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨਾਂ ਤੋਂ ਬਿਨਾਂ ਸਾਡੀ ਹੋਂਦ ਨਹੀਂ। ਸਾਬਕਾ ਡੀਐੱਸਪੀ ਪਿਆਰਾ ਸਿੰਘ, ਹਰਵਿੰਦਰ ਸਿੰਘ, ਅਜੀਤ ਸਿੰਘ ਨੇ ਵੀ ਕਿਸਾਨਾਂ ਨਾਲ ਇਕਮੁੱਠਤਾ ਪ੍ਰਗਟਾਈ।