ਆਗਰਾ(ਯੂਪੀ), 15 ਅਪਰੈਲ
ਇਥੇ ਸਕੂਲ ਵਿਦਿਆਰਥਣ ਨਾਲ ਲਾਪਤਾ ਹੋਏ ਵਿਅਕਤੀ ਦੇ ਦੋ ਘਰਾਂ ਨੂੰ ਹਜੂਮ ਨੇ ਅੱਗ ਲਾ ਦਿੱਤੀ। ਲਾਪਤਾ ਲੜਕੀ ਬਾਲਗ ਦੱਸੀ ਜਾਂਦੀ ਹੈ, ਪਰ ਦੋਵੇਂ ਵੱਖ ਵੱਖ ਧਰਮਾਂ ਨਾਲ ਸਬੰਧਤ ਹਨ। ਪੁਲੀਸ ਨੇ ਕਿਹਾ ਕਿ ‘ਧਰਮ ਜਾਗਰਣ ਸਮਨਵੇਅ ਸੰਘ’ ਨੇ ਸਾਜਿਦ ਨਾਂ ਦੇ ਸ਼ਖ਼ਸ, ਜੋ ਜਿਮ ਮਾਲਕ ਹੈ, ਦੇ ਇਥੇ ਰੁਨਾਕਤਾ ਮੁਹੱਲੇ ਵਿਚਲੇ ਘਰ ਨੂੰ ਅੱਗ ਲਾ ਦਿੱਤੀ। ਹਜੂਮ ਨੇ ਲੜਕੀ ਨੂੰ ਅਗਵਾ ਕਰਨ ਦਾ ਦੋਸ਼ ਲਾਉਂਦਿਆਂ ਸਾਜਿਦ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ। ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸਥਾਨਕ ਰੁਨਾਕਤਾ ਮਾਰਕੀਟ ਵਿੱਚ ਦੁਕਾਨਾਂ ਵੀ ਬੰਦ ਰਹੀਆਂ। ਪੁਲੀਸ ਮੁਤਾਬਕ ਜਿਮ ਮਾਲਕ ਦੇ ਘਰ ’ਤੇ ਕੀਤੇ ਹਮਲੇ ਵਿੱਚ ਕਿਸੇ ਦੇ ਸੱਟ ਫੇਟ ਲੱਗਣ ਦੀ ਕੋਈ ਰਿਪੋਰਟ ਨਹੀਂ ਹੈ। ਅੱਗਜ਼ਨੀ ਦੀ ਘਟਨਾ ਮਗਰੋਂ ਪੁਲੀਸ ਚੌਕੀ ਦੇ ਇੰਚਾਰਜ ਨੂੰ ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਮੁਅੱਤਲ ਕਰਦਿਆਂ ਸਿਕੰਦਰਾ ਪੁਲੀਸ ਸਟੇਸ਼ਨ ਦੇ ਐੱਸਐੱਚਓ ਖਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ। ਆਗਰਾ ਦੇ ਐੱਸਐੱਸਪੀ ਸੁਧੀਰ ਕੁਮਾਰ ਨੇ ਕਿਹਾ ਕਿ ਦੋਸ਼ੀ ਪਾਏ ਜਾਣ ’ਤੇ ਐੱਸਐੱਚਓ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਗਿਆਰਵੀਂ ਜਮਾਤ ਦੀ ਵਿਦਿਆਰਥਣ ਸੋਮਵਾਰ ਨੂੰ ਲਾਪਤਾ ਹੋ ਗਈ ਸੀ। ਦੋ ਦਿਨ ਮਗਰੋਂ ਪੁਲੀਸ ਨੇ ਉਸ ਦਾ ਖੁਰਾ ਖੋਜ ਲੱਭ ਲਿਆ, ਪਰ ਸਾਜਿਦ ਅਜੇ ਤੱਕ ਲਾਪਤਾ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ਵਿੱਚ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕੀਤੀ ਸੀ। ਸੋਸ਼ਲ ਮੀਡੀਆ ’ਤੇ ਵੀਡੀਓ ਵਿੱਚ ਲੜਕੀ ਨੇ ਦਾਅਵਾ ਕੀਤਾ ਕਿ ਉਹ ਬਾਲਗ ਹੈ ਤੇ ਆਪਣੀ ਮਰਜ਼ੀ ਮੁਤਾਬਕ ਲੜਕੇ ਨਾਲ ਗਈ ਹੈ। ਐੱਸਐੱਸਪੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੜਕਾ-ਲੜਕੀ ਦੋਵੇਂ ਬਾਲਗ ਹਨ ਤੇ ਲੜਕੀ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। -ਪੀਟੀਆਈ