ਮੋਰਬੀ (ਗੁਜਰਾਤ): ਗੁਜਰਾਤ ਸਰਕਾਰ ਨੇ ਪੁਲ ਟੁੱਟਣ ਦੀ ਘਟਨਾ ਮਗਰੋਂ ਮੋਰਬੀ ਨਗਰ ਪਾਲਿਕਾ ਦੇ ਮੁੱਖ ਅਧਿਕਾਰੀ ਸੰਦੀਪ ਸਿੰਘ ਜ਼ਾਲਾ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਜਾਣਕਾਰੀ ਅੱਜ ਇੱਕ ਸੀਨੀਅਰ ਅਧਿਕਾਰੀ ਨੇ ਦਿੱਤੀ। ਦੱਸਣਯੋਗ ਹੈ ਕਿ ਮੋਰਬੀ ਕਸਬੇ ਵਿੱਚ ਮੱਛੂ ਨਦੀ ‘ਤੇ ਬਰਤਾਨਵੀ ਕਾਲ ਦਾ ਬਣਿਆ ਤਾਰਾਂ ਵਾਲਾ ਪੁਲ 30 ਅਕਤੂਬਰ ਨੂੰ ਟੁੱਟ ਗਿਆ ਸੀ ਅਤੇ ਘਟਨਾ ਵਿੱਚ ਬੱਚਿਆਂ ਅਤੇ ਔਰਤਾਂ ਸਣੇ 135 ਲੋਕਾਂ ਦੀ ਜਾਨ ਚਲੀ ਗਈ ਸੀ। ਮੋਰਬੀ ਦੇ ਜ਼ਿਲ੍ਹਾ ਕੁਲੈਕਟਰ ਜੀਟੀ ਪਾਂਡਿਆ ਨੇ ਦੱਸਿਆ, ”ਸੂਬਾ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਮੋਰਬੀ ਨਗਰ ਪਾਲਿਕਾ ਦੇ ਮੁੱਖ ਅਧਿਕਾਰੀ ਸੰਦੀਪ ਸਿੰਘ ਜ਼ਾਲਾ ਨੂੰ ਮਅੱਤਲ ਕੀਤਾ ਗਿਆ ਹੈ।” ਉਨ੍ਹਾਂ ਮੁਤਾਬਕ ਮੋਰਬੀ ਦੇ ਰੈਜ਼ੀਡੈਂਟ ਵਧੀਕ ਕੁਲੈਕਟਰ ਨੂੰ ਅਗਲੇ ਹੁਕਮਾਂ ਤੱਕ ਮੁੱਖ ਅਧਿਕਾਰੀ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੋਰਬੀ ਨਗਰ ਪਾਲਿਕਾ ਵੱਲੋਂ ਪੁਲ ਦੀ ਮੁਰੰਮਤ ਅਤੇ ਸਾਂਭ ਲਈ ਓਰੇਵਾ ਗਰੁੱਪ ਨੂੰ 15 ਸਾਲਾਂ ਲਈ ਠੇਕਾ ਦਿੱਤਾ ਗਿਆ ਸੀ। ਪੁਲ ਟੁੱਟਣ ਦੀ ਘਟਨਾ ਦੇ ਸਬੰਧ ਵਿੱਚ ਪੁਲੀਸ ਵੱਲੋਂ ਹੁਣ ਤੱਕ 9 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। -ਪੀਟੀਆਈ