ਲੰਡਨ, 5 ਸਤੰਬਰ
ਬਰਤਾਨਵੀ ਪੁਲੀਸ ਨੇ ਭਾਰਤੀ ਮੂਲ ਦੇ ਬਿਰਧ ਵਿਅਕਤੀ ਭੀਮ ਕੋਹਲੀ (80 ਸਾਲ) ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੇ ਦੋਸ਼ ਹੇਠ ਇਕ 14 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਹੈ। ਬਜ਼ੁਰਗ ਉਤੇ ਇਹ ਘਾਤਕ ਹਮਲਾ ਉਦੋਂ ਕੀਤਾ ਗਿਆ ਜਦੋਂ ਉਹ ਇੰਗਲੈਂਡ ਦੇ ਸ਼ਹਿਰ ਲਿਸੈਸਟਰ ਵਿਚ ਆਪਣੇ ਕੁੱਤੇ ਨਾਲ ਸੈਰ ਕਰਨ ਘਰੋਂ ਬਾਹਰ ਗਿਆ ਹੋਇਆ ਸੀ।
ਕਾਨੂੰਨੀ ਕਾਰਨਾਂ ਕਰ ਕੇ ਮੁਲਜ਼ਮ ਦਾ ਨਾ ਜ਼ਾਹਰ ਨਹੀਂ ਕੀਤਾ ਗਿਆ, ਜਿਸ ਨੂੰ ਵੀਰਵਾਰ ਨੂੰ ਲਿਸੈਸਟਰ ਮੈਜਿਸਟਰੇਟ ਦੀ ਨਾਬਾਲਗ਼ਾਂ ਸਬੰਧੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਸ ਉਤੇ ਕਤਲ ਦੇ ਦੋਸ਼ ਲਾਏ ਗਏ ਹਨ। ਪੋਸਟਮਾਰਟਮ ਰਿਪੋਰਟ ਵਿਚ ਕੋਹਲੀ ਦੀ ਮੌਤ ਐਤਵਾਰ ਸ਼ਾਮ ਨੂੰ ਗਰਦਨ ਉਤੇ ਸੱਟ ਲੱਗਣ ਕਾਰਨ ਹੋਣ ਦੀ ਪੁਸ਼ਟੀ ਹੋਈ ਹੈ।
ਕੋਹਲੀ ਦੀ ਬੀਤੇ ਸੋਮਵਾਰ ਦੀ ਰਾਤ ਹਸਪਤਾਲ ਵਿਚ ਮੌਤ ਹੋ ਜਾਣ ਤੋਂ ਬਾਅਦ ਲਿਸੈਸਟਰਸ਼ਾਇਰ ਪੁਲੀਸ ਨੇ 12 ਤੋਂ 14 ਸਾਲ ਦੀ ਉਮਰ ਦੇ ਪੰਜ ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿਚ ਇਹ 14 ਸਾਲਾ ਮੁਲਜ਼ਮ ਵੀ ਸ਼ਾਮਲ ਸੀ। ਬਾਕੀ ਚਾਰ ਮੁੰਡਿਆਂ ਨੂੰ ਪੁਲੀਸ ਨੇ ਬਾਅਦ ਵਿਚ ਬਿਨਾਂ ਕਿਸੇ ਕਾਰਵਾਈ ਤੋਂ ਰਿਹਾਅ ਕਰ ਦਿੱਤਾ।
ਭੀਮ ਕੋਹਲੀ ਦੇ ਪਰਿਵਾਰ ਨੇ ਉਨ੍ਹਾਂ ਦੇ ਚਲਾਣੇ ਉਤੇ ਡਾਹਢਾ ਦੁੱਖ ਜ਼ਾਹਰ ਕੀਤਾ ਹੈ। ਪਰਿਵਾਰ ਨੇ ਇਕ ਬਿਆਨ ਵਿਚ ਕਿਹਾ, ‘‘ਭੀਮ ਇਕ ਬਹੁਤ ਹੀ ਪਿਆਰ ਕਰਨ ਵਾਲੇ ਪਤੀ, ਪਿਤਾ ਅਤੇ ਦਾਦਾ ਸਨ।… ਉਹ ਆਪਣੇ ਪੋਤਿਆਂ-ਦੋਹਤਿਆਂ ਨੂੰ ਬਹੁਤ ਪਿਆਰ ਕਰਦੇ ਸਨ। ਉਹ 80 ਸਾਲ ਦੀ ਉਮਰ ਵਿਚ ਵੀ ਬਹੁਤ ਸਰਗਰਮ ਸਨ ਤੇ ਉਨ੍ਹਾਂ ਦੀ ਮੌਤ ਨਾਲ ਪਰਿਵਾਰ ਟੁੱਟ ਕੇ ਰਹਿ ਗਿਆ ਹੈ।’’ -ਪੀਟੀਆਈ