ਨਵੀਂ ਦਿੱਲੀ, 7 ਜੁਲਾਈ
ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਆਪਣੇ ਬਰਤਾਨਵੀ ਹਮਰੁਤਬਾ ਸਰ ਟਿਕ ਬੈਰੋ ਨੂੰ ਉਨ੍ਹਾਂ ਅਤਿਵਾਦੀ ਤੱਤਾਂ ਖ਼ਿਲਾਫ਼ ਸਖਤ ਜਨਤਕ ਕਾਰਵਾਈ ਕਰਨ ਲਈ ਕਿਹਾ ਹੈ ਜੋ ਬਰਤਾਨੀਆ ਵਿਚਲੇ ਭਾਰਤੀ ਹਾਈ ਕਮਿਸ਼ਨ ਦੇ ਅਫਸਰਾਂ ਨੂੰ ਧਮਕਾ ਰਹੇ ਹਨ। ਡੋਵਾਲ ਨੇ ਇਹ ਮੁੱਦਾ ਬੈਰੋ ਨਾਲ ਲੰਮੀ-ਚੌੜੀ ਵਿਚਾਰ ਚਰਚਾ ਦੌਰਾਨ ਚੁੱਕਿਆ ਜੋ ਇਸ ਸਮੇਂ ਭਾਰਤ ਦੇ ਦੌਰੇ ’ਤੇ ਹਨ। ਦੋਵਾਂ ਅਧਿਕਾਰੀਆਂ ਨੇ ਵਫ਼ਦ ਪੱਧਰੀ ਗੱਲਬਾਤ ਦੌਰਾਨ ਹੋਰ ਵੀ ਕਈ ਮਸਲੇ ਵਿਚਾਰੇ। ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਨਾਲ ਨਾਲ ਅਮਰੀਕਾ, ਕੈਨੇਡਾ ਤੇ ਆਸਟਰੇਲੀਆ ਵਿੱਚ ਖਾਲਿਸਤਾਨੀ ਹਮਾਇਤੀ ਭਾਰਤ ਦੇ ਸੀਨੀਅਰ ਦੂਤਾਂ ਖ਼ਿਲਾਫ਼ ਹਿੰਸਕ ਮੁਜ਼ਾਹਰੇ ਕਰ ਰਹੇ ਹਨ। ਭਾਰਤ ਪਹਿਲਾਂ ਹੀ ਇਨ੍ਹਾਂ ਮੁਲਕਾਂ ਨੂੰ ਆਪਣੇ ਡਿਪਲੋਮੈਟਾਂ ਤੇ ਮਿਸ਼ਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਹਿ ਚੁੱਕਾ ਹੈ। ਸੂਤਰਾਂ ਨੇ ਦੱਸਿਆ, ‘ਭਾਰਤੀ ਧਿਰ ਨੇ ਬਰਤਾਨੀਆ ’ਚ ਅਤਿਵਾਦੀ ਤੱਤਾਂ ਵੱਲੋਂ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਧਮਕੀ ਦੇਣ ਦਾ ਮੁੱਦਾ ਚੁੱਕਿਆ ਤੇ ਬਰਤਾਨੀਆ ਸਰਕਾਰ ਤੋਂ ਇਨ੍ਹਾਂ ਤੱਤਾਂ ਖ਼ਿਲਾਫ਼ ਡਿਪੋਰਟ ਕਰਨ ਜਾਂ ਕਾਨੂੰਨੀ ਕੇਸ ਚਲਾਉਣ ਜਿਹੀ ਸਖਤ ਜਨਤਕ ਕਾਰਵਾਈ ਕਰਨ ਦੀ ਅਪੀਲ ਕੀਤੀ।’ ਦੋਵਾਂ ਧਿਰਾਂ ਨੇ ਅਤਿਵਾਦ ਤੇ ਅਤਿਵਾਦੀ ਫੰਡਿੰਗ ਦਾ ਮੁਕਾਬਲਾ ਕਰਨ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ। ਦੋਵੇਂ ਅਧਿਕਾਰੀਆਂ ਨੇ ਅਹਿਮ ਤੇ ਉੱਭਰਦੀ ਹੋਈ ਤਕਨੀਕ ਦੇ ਦੁਵੱਲੇ ਸਹਿਯੋਗ ਨੂੰ ਹੋਰ ਵਧਾਉਣ ਦਾ ਅਹਿਦ ਵੀ ਲਿਆ। ਇਸੇ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਰ ਬਾਗਚੀ ਨੇ ਅੱਜ ਕਿਹਾ ਕਿ ਭਾਰਤੀ ਕੂਟਨੀਤਕਾਂ ਦੀ ਸੁਰੱਖਿਆ ਤੇ ਭਾਰਤੀ ਮਿਸ਼ਨਾਂ ਦੀ ਸੁਰੱਖਿਆ ਸਰਕਾਰ ਲਈ ਸਭ ਤੋਂ ਵੱਡੀ ਤਰਜੀਹ ਹੈ ਅਤੇ ਨਵੀਂ ਦਿੱਲੀ ਨੇ ਇਹ ਮੁੱਦਾ ਸਬੰਧਤ ਮੁਲਕਾਂ ਕੋਲ ਚੁੱਕਿਆ ਹੈ। -ਪੀਟੀਆਈ