ਰਾਮਬਨ/ਭਦਰਵਾਹ, 13 ਜੂਨ
ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਲੈਂਡਲਾਈਨ ਤੇ ਮੋਬਾਈਲ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ ਜਦਕਿ ਡੋਡਾ ਜ਼ਿਲ੍ਹੇ ਦੇ ਭੱਦਰਵਾਹ ਸ਼ਹਿਰ ਵਿੱਚ ਫਿਰਕੂ ਤਣਾਅ ਤੋਂ ਬਾਅਦ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਵੀ ਕਰਫਿਊ ਲਾਗੂ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਡੋਡਾ ਦੇ ਕਈ ਹੋਰ ਹਿੱਸਿਆਂ ਅਤੇ ਨੇੜਲੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਇਹਤਿਆਤੀ ਕਦਮ ਵਜੋਂ ਮਨਾਹੀ ਦੇ ਹੁਕਮਾਂ ਤਹਿਤ ਸਖ਼ਤ ਪਾਬੰਦੀਆਂ ਲਾਗੂ ਹਨ ਪਰ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਪਛਾਣ ਪੱਤਰ ਅਤੇ ਦਾਖ਼ਲਾ ਪੱਤਰ ਦਿਖਾ ਕੇ ਆਉਣ-ਜਾਣ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਰਾਮਬਨ ਜ਼ਿਲ੍ਹੇ ਵਿੱਚ ਐਤਵਾਰ ਦੇਰ ਰਾਤ ਬਰਾਡਬੈਂਡ ਤੇ ਮੋਬਾਈਲ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਜੋ ਕਿ ਫਿਰਕੂ ਤਣਾਅ ਦੇ ਮੱਦੇਨਜ਼ਰ 9 ਜੂਨ ਤੋਂ ਬੰਦ ਸਨ। ਭਾਜਪਾ ਤੋਂ ਮੁਅੱਤਲ ਇਕ ਆਗੂ ਵੱਲੋਂ ਹਾਲ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਤੇ ਕੁੱਝ ਹਿੰਦੂ ਕੱਟੜਪੰਥੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਏ ਜਾਣ ਕਾਰਨ ਇਹ ਫਿਰਕੂ ਤਣਾਅ ਪੈਦਾ ਹੋਇਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਰਾਮਬਨ ਵਿੱਚ ਇੰਟਰਨੈੱਟ ਸੇਵਾਵਾਂ ਬਹਾਲ ਕੀਤੇ ਜਾਣ ਤੋਂ ਇਕ ਦਿਨ ਪਹਿਲਾਂ ਮਨਾਹੀ ਦੇ ਹੁਕਮ ਵਾਪਸ ਲੈ ਲਏ ਗਏ। ਹਾਲਾਂਕਿ, ਉਨ੍ਹਾਂ ਕਿਹਾ ਕਿ ਡੋਡਾ ਅਤੇ ਕਿਸ਼ਤਵਾੜ ਦੋਵੇਂ ਥਾਵਾਂ ’ਤੇ ਇਹਤਿਆਤੀ ਕਦਮ ਵਜੋਂ ਸੇਵਾਵਾਂ ਅਜੇ ਬੰਦ ਹਨ।
ਸਿੱਖਿਆ ਵਿਭਾਗ ਦੇ ਅਧਿਕਾਰੀ ਰਾਣਾ ਆਰਿਫ਼ ਨੇ ਕਿਹਾ, ‘‘ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਰਹੇ ਵਿਦਿਆਰਥੀਆਂ ਲਈ ਬਿਨਾ ਕਿਸੇ ਅੜਿੱਕੇ ਤੋਂ ਆਵਾਜਾਈ ਯਕੀਨੀ ਬਣਾਉਣ ਲਈ ਦਾਖ਼ਲਾ ਪੱਤਰਾਂ ਨੂੰ ਕਰਫਿਊ ਪਾਸ ਵਜੋਂ ਮੰਨਿਆ ਜਾ ਰਿਹਾ ਹੈ।’’ ਅਧਿਕਾਰੀਆਂ ਨੇ ਦੱਸਿਆ ਕਿ ਡੋਡਾ, ਡੋਡਾ ਜ਼ਿਲ੍ਹੇ ਦੇ ਗੰਡੋਹ ਅਤੇ ਥਾਂਥਰੀ ਸ਼ਹਿਰਾਂ ਦੇ ਨਾਲ ਹੀ ਕਿਸ਼ਤਵਾੜ ਸ਼ਹਿਰ ਵਿੱਚ ਸੀਆਰਪੀਸੀ ਦੀ ਧਾਰਾ 144 ਤਹਿਤ ਪਾਬੰਦੀਆਂ ਲੱਗੀਆਂ ਹੋਈਆਂ ਹਨ। ’ -ਪੀਟੀਆਈ