ਭੱਦਰਵਾਹ/ਜੰਮੂ, 19 ਜੂਨ
ਜੰਮੂ ਕਸ਼ਮੀਰ ਦੇ ਭੱਦਰਵਾਹ ਸ਼ਹਿਰ ’ਚ ਫਿਰਕੂ ਤਣਾਅ ਤੋਂ ਬਾਅਦ ਪਿਛਲੇ 10 ਦਿਨਾਂ ਤੋਂ ਬੰਦ ਪਈਆਂ ਫਿਕਸਡ-ਲਾਈਨ (ਬਰਾਡਬੈਂਡ) ਇੰਟਰਨੈਟ ਸੇਵਾਵਾਂ ਅੱਜ ਬਹਾਲ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਸਬੇ ’ਚ ਅੱਜ ਲਗਾਤਾਰ ਦੂਜੇ ਦਿਨ ਸਵੇਰੇ 7 ਤੋਂ 12 ਘੰਟੇ ਲਈ ਕਰਫਿਊ ’ਚ ਢਿੱਲ ਦਿੱਤੀ ਗਈ ਕਿਉਂਕਿ ਪਿਛਲੇ 24 ਘੰਟਿਆਂ ਦੌਰਾਨ ਕਿਤੋਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਚਨਾ ਨਹੀਂ ਮਿਲੀ ਹੈ ਅਤੇ ਕੁੱਲ ਮਿਲਾ ਕੇ ਹਾਲਾਤ ਸੁਖਾਵੇਂ ਤੇ ਕਾਫੀ ਹੱਦ ਤੱਕ ਸ਼ਾਂਤੀਪੂਰਨ ਰਹੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਅਮਨ ਕਾਨੂੰਨ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰੇ 11 ਵਜੇ ਤੋਂ ਬਰਾਡਬੈਂਡ ਇੰਟਰਨੈਟ ਸੇਵਾਵਾਂ ਬਹਾਲ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਮੋਬਾਈਲ ਇੰਟਰਨੈਟ ਸੇਵਾਵਾਂ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਬਾਅਦ ਵਿੱਚ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਮਗਰੋਂ ਹੋਰ ਰੋਸ ਮੁਜ਼ਾਹਰਿਆਂ ਅਤੇ ਸਥਾਨਕ ਹਿੰਦੂਤਵੀ ਕਾਰਕੁਨਾਂ ਵੱਲੋਂ ਨੂਪੁਰ ਦੀ ਹਮਾਇਤ ’ਚ ਸੋਸ਼ਲ ਮੀਡੀਆ ’ਤੇ ਕੁਝ ਪੋਸਟਾਂ ਪਾਉਣ ਕਾਰਨ ਬਣੇ ਫਿਰਕੂ ਤਣਾਅ ਮਗਰੋਂ ਭੱਦਰਵਾਹ ’ਚ ਨੌਂ ਜੂਨ ਨੂੰ ਕਰਫਿਊ ਲਗਾ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ’ਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਸੁਰੱਖਿਆ ਬਲਾਂ ਦੇ ਨਾਲ ਪੁਲੀਸ ਵੀ ਤਾਇਨਾਤ ਕੀਤੀ ਗਈ ਹੈ।
ਇਸੇ ਵਿਚਾਲੇ ਵਧੀਕ ਜ਼ਿਲ੍ਹਾ ਮੈਜਿਸਟਰੇਟ (ਭਦਰਵਾਹ) ਦਿਲ ਮੀਰ ਨੇ ਐਵਾਈਜ਼ਰੀ ਜਾਰੀ ਕੀਤੀ ਜਿਸ ’ਚ ਇੰਟਰਨੈੱਟ ਵਰਤੋਂਕਾਰਾਂ ਨੂੰ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਸਮੱਗਰੀ ਸਾਂਝੀ ਕਰਨ ’ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ। ਇਸੇ ਦੌਰਾਨ ਸ੍ਰੀਨਗਰ ਵਿੱਚ ਪੈਗੰਬਰ ਮੁਹੰਮਦ ਸਬੰਧੀ ਕੀਤੀ ਗਈ ਟਿੱਪਣੀ ਖ਼ਿਲਾਫ਼ ਔਰਤਾਂ ਨੇ ਪ੍ਰਦਰਸ਼ਨ ਕੀਤਾ। -ਪੀਟੀਆਈ