ਨਵੀਂ ਦਿੱਲੀ / ਜੰਮੂ, 29 ਅਗਸਤ
ਬੀਐੱਸਐੱਫ ਨੇ ਸਾਂਬੇ ਜ਼ਿਲ੍ਹੇ ਵਿਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਕੰਡਿਆਲੀ ਤਾਰ ਲਾਗੇ ਸੁਰੰਗ ਦਾ ਪਤਾ ਲਗਾਇਆ ਹੈ। ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਫੋਰਸ ਨੇ ਇਹ ਪਤਾ ਲਗਾਉਣ ਲਈ ਪੂਰੇ ਖੇਤਰ ਵਿਚ ਵੱਡਾ ਅਭਿਆਨ ਚਲਾਇਆ ਹੈ ਕਿ ਕਿਤੇ ਹੋਰ ਅਜਿਹੀਆਂ ਸੁਰੰਗਾਂ ਹਨ ਜਾਂ ਨਹੀਂ। ਇਸ ਦੇ ਨਾਲ ਹੀ ਇਸ ਸੁਰੰਗ ਬਾਰੇ ਇਕ ਵਿਸ਼ਲੇਸ਼ਣ ਵੀ ਕੀਤਾ ਜਾ ਰਿਹਾ ਹੈ ਕਿ ਕਿਧਰੇ ਇਸ ਸੁਰੰਗ ਦੀ ਵਰਤੋਂ ਅਤਿਵਾਦੀਆਂ ਦੀ ਘੁਸਪੈਠ ਅਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਲਈ ਕੀਤੀ ਸੀ ਜਾਂ ਨਹੀਂ। ਸੁਰੰਗ ਦਾ ਮੂੰਹ ਰੇਤ ਦੀਆਂ ਬੋਰੀਆਂ ਨਾਲ ਬੰਦ ਕੀਤਾ ਗਿਆ ਸੀ ਤੇ ਇਹ ਬੋਰੀਆਂ ਪਾਕਿਸਤਾਨ ਦੀਆਂ ਹਨ। ਹਾਲ ਹੀ ਵਿੱਚ ਹੋਈ ਬਾਰਸ਼ ਤੋਂ ਬਾਅਦ ਕੁਝ ਥਾਵਾਂ ’ਤੇ ਜ਼ਮੀਨ ਧਸਣ ਕਾਰਨ ਬੀਐੱਸਐੱਫ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਸੀ। ਸੁਰੰਗ ਨੂੰ ਲੱਭਣ ਲਈ ਮਸ਼ੀਨ ਮੰਗਵਾਈ ਗਈ ਸੀ। ਮੌਕੇ ‘ਤੇ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਸੁਰੰਗ ਉਸਾਰੀ ਅਧੀਨ ਹੈ, ਜਿਸ ਦੀ ਲੰਬਾਈ 20 ਮੀਟਰ ਹੈ। ਇਹ ਸੁਰੰਗ 25 ਫੁੱਟ ਦੀ ਡੂੰਘਾਈ ‘ਤੇ ਬਣਾਈ ਗਈ ਸੀ।