ਸ੍ਰੀਨਗਰ, 28 ਅਪਰੈਲ
ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਨਾਲ ਦੂਰ ਦੁਰਾਡੇ ਦੀ ਚੌਕੀ ‘ਤੇ ਤਾਇਨਾਤ ਜਵਾਨ ਨੂੰ ਏਅਰਲਿਫਟ ਕਰਨ ਲਈ ਵਿਸ਼ੇਸ਼ ਹੈਲੀਕਾਪਟਰ ਭੇਜਿਆ ਤਾਂ ਜੋ ਉਹ 2,500 ਕਿਲੋਮੀਟਰ ਦੂਰ ਉੜੀਸਾ ਵਿੱਚ ਆਪਣੇ ਘਰ ਵਿਆਹ ਕਰਵਾਉਣ ਲਈ ਸਮੇਂ ਸਿਰ ਪਹੁੰਚ ਸਕੇ। ਸੀਮਾ ਸੁਰੱਖਿਆ ਬਲ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੰਟਰੋਲ ਰੇਖਾ ਦੇ ਨੇੜੇ ਮਾਛਿਲ ਸੈਕਟਰ ਵਿੱਚ ਚੌਕੀ ‘ਤੇ ਤਾਇਨਾਤ 30 ਸਾਲਾ ਕਾਂਸਟੇਬਲ ਨਰਾਇਣ ਬੇਹਰਾ ਦਾ ਵਿਆਹ 2 ਮਈ ਨੂੰ ਹੋਣਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਐੱਲਓਸੀ ਚੌਕੀ ਬਰਫ਼ ਨਾਲ ਢਕੀ ਹੋਈ ਹੈ ਅਤੇ ਕਸ਼ਮੀਰ ਘਾਟੀ ਨਾਲ ਇਸ ਦਾ ਸੜਕੀ ਸੰਪਰਕ ਫਿਲਹਾਲ ਬੰਦ ਹੈ। ਫੌਜੀ ਹਵਾਈ ਉਡਾਣ ਇਨ੍ਹਾਂ ਸਥਾਨਾਂ ‘ਤੇ ਤਾਇਨਾਤ ਸੈਨਿਕਾਂ ਲਈ ਆਵਾਜਾਈ ਦਾ ਇੱਕੋ ਇੱਕ ਸਾਧਨ ਹੈ। ਅਧਿਕਾਰੀ ਨੇ ਦੱਸਿਆ ਕਿ ਜਵਾਨ ਦੇ ਮਾਪਿਆਂ ਨੇ ਹਾਲ ਹੀ ਵਿੱਚ ਯੂਨਿਟ ਕਮਾਂਡਰਾਂ ਨਾਲ ਸੰਪਰਕ ਕੀਤਾ ਸੀ ਕਿ ਉਹ ਚਿੰਤਤ ਹਨ ਕਿਉਂਕਿ ਵਿਆਹ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ ਤੇ ਉਨ੍ਹਾਂ ਦਾ ਪੁੱਤ ਵਿਆਹ ਲਈ ਸਮੇਂ ਸਿਰ ਨਹੀਂ ਪਹੁੰਚ ਸਕੇਗਾ। ਇਹ ਮਾਮਲਾ ਬੀਐੱਸਐੱਫ ਦੇ ਇੰਸਪੈਕਟਰ ਜਨਰਲ (ਕਸ਼ਮੀਰ ਫਰੰਟੀਅਰ) ਰਾਜਾ ਬਾਬੂ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ। ਉਨ੍ਹਾਂ ਹੁਕਮ ਦਿੱਤਾ ਕਿ ਸ੍ਰੀਨਗਰ ਵਿੱਚ ਤਾਇਨਾਤ ਫੋਰਸ ਦੇ ਚੀਤਾ ਹੈਲੀਕਾਪਟਰ ਨੂੰ ਤੁਰੰਤ ਬੇਹਰਾ ਨੂੰ ਏਅਰਲਿਫਟ ਕੀਤਾ ਜਾਵੇ। ਹੈਲੀਕਾਪਟਰ ਵੀਰਵਾਰ ਤੜਕੇ ਬੇਹਰਾ ਨੂੰ ਸ੍ਰੀਨਗਰ ਲੈ ਕੇ ਆਇਆ। ਉਹ ਹੁਣ ਉਡੀਸ਼ਾ ਦੇ ਢੇਂਕਨਾਲ ਜ਼ਿਲ੍ਹੇ ਦੇ ਪਿੰਡ ਆਦਿਪੁਰ ਸਥਿਤ ਆਪਣੇ ਘਰ ਜਾ ਰਿਹਾ ਹੈ।