ਕੋਲਕਾਤਾ, 21 ਜਨਵਰੀ
ਪੱਛਮੀ ਬੰਗਾਲ ਵਿੱਚ ਕਾਬਜ਼ ਧਿਰ ਤ੍ਰਿਣਮੂਲ ਕਾਂਗਰਸ ਨੇ ਅੱਜ ਭਾਰਤੀ ਚੋਣ ਕਮਿਸ਼ਨ ਦੇ ਪੂਰੇ ਬੈਂਚ ਨੂੰ ਮਿਲ ਕੇ ਦੋਸ਼ ਲਗਾਏ ਕਿ ਰਾਜ ਦੇ ਸਰਹੱਦੀ ਖੇਤਰਾਂ ਵਿੱਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਇਕ ਵਿਸ਼ੇਸ਼ ਰਾਜਨੀਤਿਕ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਲੋਕਾਂ ਨੂੰ ਧਮਕਾ ਰਿਹਾ ਹੈ। ਉੱਧਰ, ਸੀਮਾ ਸੁਰੱਖਿਆ ਬਲ ਦੇ ਦੱਖਣੀ ਬੰਗਾਲ ਫ਼ਰੰਟੀਅਰ ਨੇ ਬਿਆਨ ਜਾਰੀ ਕਰ ਕੇ ਕਿਹਾ, ‘‘ਪੱਛਮੀ ਬੰਗਾਲ ਦੇ ਮੰਤਰੀ ਪਾਰਥਾ ਚੈਟਰਜੀ ਤੇ ਫਰਹਾਦ ਹਕੀਮ ਨੇ ਫੋਰਸ ਖ਼ਿਲਾਫ਼ ਜੋ ਬਿਆਨ ਦਿੱਤਾ ਹੈ, ਉਸ ਦਾ ਕੋਈ ਆਧਾਰ ਨਹੀਂ ਹੈ ਅਤੇ ਇਹ ਸੱਚ ਤੋਂ ਕੋਹਾਂ ਦੂਰ ਹੈ।
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੀ ਪ੍ਰਧਾਨਗੀ ਹੇਠਲਾ ਭਾਰਤੀ ਚੋਣ ਕਮਿਸ਼ਨ ਦਾ ਪੂਰਾ ਬੈਂਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਿੰਨ ਦਿਨਾ ਦੌਰੇ ’ਤੇ ਬੁੱਧਵਾਰ ਸ਼ਾਮ ਨੂੰ ਰਾਜ ਵਿੱਚ ਪਹੁੰਚਿਆ। ਇੱਥੇ ਭਾਰਤੀ ਚੋਣ ਕਮਿਸ਼ਨ ਦੇ ਵਫ਼ਦ ਨੂੰ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਸਕੱਤਰ ਜਨਰਲ ਪਾਰਥਾ ਚੈਟਰਜੀ ਨੇ ਕਿਹਾ, ‘‘ਅਸੀਂ ਮੁੱਖ ਚੋਣ ਕਮਿਸ਼ਨਰ ਅਤੇ ਭਾਰਤੀ ਚੋਣ ਕਮਿਸ਼ਨ ਦੇ ਹੋਰ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਸੀਮਾ ਸੁਰੱਖਿਆ ਬਲ ਵੱਲੋਂ ਸਰਹੱਦੀ ਖੇਤਰਾਂ ਵਿੱਚ ਵੋਟਰਾਂ ਨੂੰ ਧਮਕਾਇਆ ਜਾ ਰਿਹਾ ਹੈ। ਸਾਨੂੰ ਜਾਣਕਾਰੀ ਮਿਲੀ ਹੈ ਕਿ ਨੀਮ ਫ਼ੌਜੀ ਬਲ ਦੇ ਅਧਿਕਾਰੀ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਇਕ ਵਿਸ਼ੇਸ਼ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਕਹਿ ਰਹੇ ਹਨ। ਇਹ ਖ਼ਤਰਨਾਕ ਹਾਲਾਤ ਹਨ ਅਤੇ ਭਾਰਤੀ ਚੋਣ ਕਮਿਸ਼ਨ ਨੂੰ ਇਸ ਮਾਮਲੇ ’ਤੇ ਧਿਆਨ ਦੇਣਾ ਚਾਹੀਦਾ ਹੈ।’’ ਸ੍ਰੀ ਚੈਟਰਜੀ ਨੇ ਦੋਸ਼ ਲਾਇਆ ਕਿ ਬੀਐੱਸਐੱਫ ਦੇ ਜਵਾਨ ਪਿੰਡ ਵਾਸੀਆਂ ਨੂੰ ਕਹਿ ਰਹੇ ਸਨ, ‘‘ਸਾਰਾ ਸਾਲ ਕੋਈ ਹੋਰ ਨਹੀਂ ਬਲਕਿ ਅਸੀਂ ਹੀ ਤੁਹਾਡੀ ਰੱਖਿਆ ਲਈ ਸਰਹੱਦੀ ਖੇਤਰਾਂ ਵਿੱਚ ਰਹਾਂਗੇ।’’ ਉੱਧਰ, ਤ੍ਰਿਣਮੂਲ ਕਾਂਗਰਸ ਦੇ ਦੋਸ਼ਾਂ ਸਬੰਧੀ ਭਾਜਪਾ ਦੀ ਸੂਬਾਈ ਇਕਾਈ ਦੇ ਮੁਖੀ ਦਿਲੀਪ ਘੋਸ਼ ਨੇ ਭਾਰਤੀ ਚੋਣ ਕਮਿਸ਼ਨ ਦੇ ਵਫ਼ਦ ਨੂੰ ਮਿਲਣ ਤੋਂ ਬਾਅਦ ਕਿਹਾ ਕਿ ਸੀਮਾ ਸੁਰੱਖਿਆ ਬਲ ਸਿਰਫ਼ ਸਰਹੱਦਾਂ ਦੀ ਰੱਖਿਆ ਕਰਦਾ ਹੈ, ਇਸ ਵਾਸਤੇ ਉਸ ਉੱਪਰ ਉਂਗਲ ਨਹੀਂ ਉਠਾਈ ਜਾਣੀ ਚਾਹੀਦੀ ਹੈ। ਜਿਹੜੇ ਲੋਕ ਅਜਿਹੇ ਦੋਸ਼ ਲਗਾ ਰਹੇ ਹਨ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਭਾਰਤੀ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਚੋਣਾਂ ਵੇਲੇ ਹਰੇਕ ਬੂਥ ’ਤੇ ਕੇਂਦਰੀ ਬਲ ਤਾਇਨਾਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਨੇ ਭਾਰਤੀ ਚੋਣ ਕਮਿਸ਼ਨ ਨੂੰ ਇਹ ਵੀ ਕਿਹਾ ਹੈ ਕਿ ਸ਼ੱਕੀ ਤੌਰ ’ਤੇ ਵੋਟਰ ਸੂਚੀ ’ਚ ਘੁਸਪੈਠੀਆਂ ਨੂੰ ਸ਼ਾਮਲ ਕੀਤੇ ਜਾਣ ਕਾਰਨ ਵੋਟਰਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਪਾਰਟੀ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇ।
ਸੀਪੀਆਈ (ਐੱਮ) ਆਗੂ ਰਬੀਨ ਦੇਬ ਨੇ ਕਿਹਾ ਕਿ ਖੱਬੀ ਪਾਰਟੀ ਨੇ ਭਾਰਤੀ ਚੋਣ ਕਮਿਸ਼ਨ ਨੂੰ ਕੇਂਦਰੀ ਬਲਾਂ ਦਾ ਪ੍ਰਭਾਵੀ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਇਸ ਤਿੰਨ ਦਿਨਾ ਦੌਰੇ ਦੌਰਾਨ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਅਤੇ ਕੇਂਦਰੀ ਤੇ ਸੂੂਬਾਈ ਰੈਗੂਲੇਟਰੀ ਏਜੰਸੀਆਂ ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। -ਪੀਟੀਆਈ
ਸ਼ਰਨਾਰਥੀਆਂ ਨੂੰ ਜਬਰੀ ਨਹੀਂ ਹਟਾਉਣ ਦੇਵਾਂਗੇ: ਮਮਤਾ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਹੈ ਕਿ ਉਹ ਕੇਂਦਰ ਸਰਕਾਰ ਦੇ ਸੰਗਠਨਾਂ ਦੀ ਮਾਲਕੀ ਵਾਲੀ ਜ਼ਮੀਨ ਤੋਂ ਕਿਸੇ ਵੀ ਸ਼ਰਨਾਰਥੀ ਨੂੰ ਜਬਰੀ ਹਟਾਉਣ ਦੀ ਆਗਿਆ ਨਹੀਂ ਦੇਣਗੇ। ਬੈਨਰਜੀ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਇਹ ਖ਼ਬਰਾਂ ਆ ਰਹੀਆਂ ਹਨ ਕਿ ਅਜਿਹੀਆਂ ਵੱਖ-ਵੱਖ ਥਾਵਾਂ ਨੂੰ ਖਾਲੀ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹੇ ਸਾਰੇ ਸ਼ਰਨਾਰਥੀਆਂ ਨੂੰ ਪਟੇ (ਜ਼ਮੀਨ ਸਰਟੀਫਿਕੇਟ) ਦੇਵੇਗੀ। ਉਨ੍ਹਾਂ ਨੇ ਕੈਬਨਿਟ ਦੀ ਮੀਟਿੰਗ ਮਗਰੋਂ ਕਿਹਾ, ‘ਸਾਨੂੰ ਜਾਣਕਾਰੀ ਮਿਲੀ ਹੈ ਕਿ ਬਾਂਕੁੜਾ ਤੇ ਹਾਵੜਾ ਵਿੱਚ ਕੁਝ ਥਾਵਾਂ ’ਤੇ ਕੇਂਦਰ ਸਰਕਾਰ ਦੇ ਸੰਗਠਨਾਂ ਨੇ ਬੇਦਖ਼ਲੀ ਨੋਟਿਸ ਲਗਾਏ ਹਨ ਪਰ ਸਾਡੀ ਸਰਕਾਰ ਅਜਿਹਾ ਨਹੀਂ ਹੋਣ ਦੇਵੇਗੀ। ਅਸੀਂ ਉਨ੍ਹਾਂ ਨੂੰ ਯੋਗਤਾ ਦੇ ਆਧਾਰ ’ਤੇ ਸਰਕਾਰੀ ਦਸਤਾਵੇਜ਼ ਦੇਵਾਂਗੇ।’ -ਪੀਟੀਆਈ
ਭਾਜਪਾ ਦਫ਼ਤਰ ’ਚ ਦੋ ਧਿਰਾਂ ਆਪਸ ’ਚ ਭਿੜੀਆਂ
ਬਰਦਵਾਨ: ਪੱਛਮੀ ਬੰਗਾਲ ਦੇ ਪੁਰਬਾ ਬਰਧਮਾਨ ਜ਼ਿਲ੍ਹੇ ਵਿਚਲੇ ਭਾਜਪਾ ਦੇ ਦਫ਼ਤਰ ਵਿੱਚ ਅੱਜ ਚੱਲ ਰਹੀ ਭਗਵਾਂ ਪਾਰਟੀ ਦੀ ਮੀਟਿੰਗ ਦੌਰਾਨ ਦੋ ਧਿਰਾਂ ਦੀ ਲੜਾਈ ਹੋ ਗਈ। ਦੋਵਾਂ ਧਿਰਾਂ ਦੇ ਵਿਅਕਤੀਆਂ ਨੇ ਇੱਕ ਦੂਜੇ ’ਤੇ ਪਥਰਾਅ ਕੀਤਾ ਤੇ ਪਾਰਕਿੰਗ ਵਿੱਚ ਖੜ੍ਹੇ ਕੀਤੇ ਵਾਹਨਾਂ ਦੀ ਭੰਨਤੋੜ ਕੀਤੀ। ਭਾਜਪਾ ਨੇ ਇਸ ਘਟਨਾ ਲਈ ਸੱਤਾਧਾਰੀ ਪਾਰਟੀ ਟੀਐੱਮਸੀ ਨੂੰ ਜ਼ਿੰਮੇਵਾਰ ਦੱਸਿਆ ਹੈ ਜਦਕਿ ਪਾਰਟੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਤੇ ਦਾਅਵਾ ਕੀਤਾ ਹੈ ਕਿ ਇਹ ਭਗਵਾਂ ਪਾਰਟੀ ਦੇ ਨਵੇਂ ਤੇ ਪੁਰਾਣੇ ਮੈਂਬਰਾਂ ਦਾ ਝਗੜਾ ਸੀ। ਸੀਨੀਅਰ ਭਾਜਪਾ ਆਗੂ ਸਾਮਿਕ ਭੱਟਾਚਾਰੀਆ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। -ਪੀਟੀਆਈ
ਪੱਛਮੀ ਬੰਗਾਲ ’ਚ 140 ਸਾਲ ਪੁਰਾਣੀ ਜੂਟ ਮਿੱਲ ਨੂੰ ਅੱਗ ਲੱਗੀ
ਕੋਲਕਾਤਾ: ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ’ਚ 140 ਸਾਲ ਪੁਰਾਣੀ ਹੇਸਟਿੰਗਜ਼ ਜੂਟ ਮਿੱਲ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਅੱਗ ਕਰਕੇ ਸਟੋਰ ’ਚ ਪਿਆ ਸਾਰਾ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ, ਪਰ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲ 1875 ਵਿੱਚ 230 ਖੱਡੀਆਂ ਨਾਲ ਸ਼ੁਰੂ ਕੀਤੀ ਗਈ ਸੀ।