ਲਖਨਊ, 25 ਮਈ
ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਦੇਸ਼ ਵਿਆਪੀ ‘ਵਿਰੋਧ ਦਿਵਸ’ ਮਨਾਉਣ ਸਬੰਧੀ ਦਿੱਤੀ ਕਾਲ ਦੀ ਹਮਾਇਤ ਕੀਤੀ ਹੈ। ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੱਢਣ ਦੀ ਵੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ 26 ਮਈ ਨੂੰ ਕਿਸਾਨ ਸੰਘਰਸ਼ ਦੇ ਛੇ ਮਹੀਨੇ ਪੂਰੇ ਹੋਣ ’ਤੇ ਕਿਸਾਨ ਇਸ ਦਿਨ ਨੂੰ ‘ਕਾਲੇ ਦਿਵਸ’ ਵਜੋਂ ਮਨਾਉਣਗੇ। ਬਸਪਾ ਸੁਪਰੀਮੋ ਨੇ ਟਵੀਟ ਕੀਤਾ ਹੈ,‘‘ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ਸਬੰਧੀ ਦੇਸ਼ ਦੇ ਕਿਸਾਨ ਕਰੋਨਾ ਮਹਾਮਾਰੀ ਦੇ ਇਸ ਮੁਸ਼ਕਿਲ ਭਰੇ ਸਮੇਂ ਦੌਰਾਨ ਵੀ ਲਗਾਤਾਰ ਸੰਘਰਸ਼ ’ਤੇ ਡਟੇ ਹੋਏ ਹਨ। ਸ਼ੰਘਰਸ਼ ਦੇ ਛੇ ਮਹੀਨੇ ਪੂਰੇ ਹੋਣ ’ਤੇ 26 ਮਈ ਨੂੰ ਕਿਸਾਨਾਂ ਦੇ ਇਸ ਦੇਸ਼ ਵਿਆਪੀ ‘ਵਿਰੋਧ ਦਿਵਸ’ ਨੂੰ ਬਸਪਾ ਦੀ ਪੂਰੀ ਹਮਾਇਤ, ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ਪ੍ਰਤੀ ਸੰਜੀਦਗੀ ਵਰਤਣ ਦੀ ਜ਼ਰੂਰਤ ਹੈ’’। ਉਨ੍ਹਾਂ ਕੇਂਦਰ ਸਰਕਾਰ ਉੱਤੇ ਇਸ ਸਥਿਤੀ ਨੂੰ ਟਕਰਾਅ ਭਰੇ ਰਵੱਈਏ ਨਾਲ ਨਜਿੱਠਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਦੌਰਾਨ ਪੈਦਾ ਹੋਈ ਟਕਰਾਅ ਵਾਲੀ ਸਥਿਤੀ ਕਾਰਨ ਹੀ ਦਿੱਲੀ ਅਤੇ ਇਸ ਦੇ ਗੁਆਂਢੀ ਸੂਬਿਆਂ ਵਿੱਚ ਵੀ ਤਣਾਅ ਵਧਿਆ ਹੈ। ਦੱਸਣਯੋਗ ਹੈ ਕਿ ਦੇਸ਼ ਦੀਆਂ ਹੋਰ ਸਿਆਸੀ ਪਾਰਟੀਆਂ ਵੱਲੋਂ ਵੀ ਕਿਸਾਨਾਂ ਦੇ ਇਸ ਦੇਸ਼ ਵਿਆਪੀ ਵਿਰੋਧ ਦੇ ਸੱਦੇ ਦੀ ਹਮਾਇਤ ਕੀਤੀ ਗਈ ਹੈ। -ਪੀਟੀਆਈ