ਲਖਨਊ: ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਨੇ ਅੱਜ ਐਲਾਨ ਕੀਤਾ ਕਿ ਉਸ ਦੀ ਪਾਰਟੀ ਤਿੰਨ ਸੂਬਿਆਂ ਤਾਮਿਲ ਨਾਡੂ, ਕੇਰਲਾ, ਪੱਛਮੀ ਬੰਗਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ’ਚ ਬਿਨਾਂ ਕਿਸੇ ਗੱਠਜੋੜ ਦੇ ਇਕੱਲਿਆਂ ਵਿਧਾਨ ਸਭਾ ਚੋਣਾਂ ਲੜੇਗੀ। ਮਾਇਆਵਤੀ ਨੇ ਇਹ ਵੀ ਕਿਹਾ ਕਿ ਬਸਪਾ 2022 ’ਚ ਹੋਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵੀ ਇਕੱਲਿਆਂ ਲੜੇਗੀ। ਉਨ੍ਹਾਂ ਕਿਹਾ, ‘ਅਸੀਂ ਚੋਣਾਂ ਨੂੰ ਲੈ ਕੇ ਕੰਮ ਕਰ ਰਹੇ ਹਾਂ। ਅਸੀਂ ਕਿਸੇ ਕੋਲ ਆਪਣੀ ਰਣਨੀਤੀ ਦਾ ਜ਼ਿਆਦਾ ਖੁਲਾਸਾ ਨਹੀਂ ਕਰਦੇ। ਬਸਪਾ ਸਾਰੀਆਂ 403 ਵਿਧਾਨ ਸਭਾ ਸੀਟਾਂ ’ਤੇ ਪੂਰਾ ਜ਼ੋਰ ਲਗਾ ਕੇ ਚੋਣ ਲੜੇਗੀ ਅਤੇ ਚੰਗੇ ਨਤੀਜੇ ਦੇਵੇਗੀ।’ ਬਸਪਾ ਮੁਖੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ’ਚ ਚੋਣ ਵਾਲੀਆਂ ਪੰਚਾਇਤੀ ਚੋਣਾਂ ’ਚ ਵੀ ਬਿਹਤਰ ਪ੍ਰਦਰਸ਼ਨ ਕਰੇਗੀ। -ਪੀਟੀਆਈ